Follow Us

ਬੋਲੋ ਲੋਕ-ਤੰਤਰ ਕੀ ਸਦਾ ਹੀ ਜੈ !

ਜਿਸ ਸਮਾਜਿਕ , ਰਾਜਨੀਤਕ ਤਾਣੇ ਬਾਣੇ ‘ਚ ਅਸੀਂ ਅੱਜ ਜੀਅ ਰਹੇ ਹਾਂ ਇੱਥੇ ਬਹੁਤ ਸਾਰੇ ਸ਼ਬਦ ਆਪਣੇ ਅਰਥ ਬਦਲ ਰਹੇ ਹਨ ਤੇ ਬਹੁਤ ਸਾਰੇ ਸ਼ਬਦ ਨਿਰਾਰਥਕ ਹੋ ਰਹੇ ਹਨ ਜਿਵੇਂ ਕਿ ” ਦੇਸ਼ ਭਗਤੀ ” ਦਾ ਸ਼ਬਦ ਅੱਜ ਮੈਂਨੂੰ ਨਿਰਾਰਥਕ ਲਗਦਾ ਹੈ . ਸੋਚੋ ਜ਼ਰਾ ਕਿ ਤੁਸੀਂ ਅੱਜ ਕਿਸ ਭਾਵਨਾ ਨੂੰ ਦੇਸ਼ ਭਗਤੀ ਕਹੋਗੇ ? ਕਿਹੜਾ ਦੇਸ਼ ਤੇ ਕਿਹੜੀ ਭਗਤੀ ? ਸਾਡੇ ਵਰਗੇ ਲੋਕ ਜੇ ਦੇਸ਼ ਭਗਤ ਸਿੱਧ ਹੋਣਾ ਚਾਹੁਣਗੇ ਵੀ ਤਾਂ ਸਿਰਫ ਸਟੇਟ ਦੇ ਹੱਕ ‘ਚ ਹੀ ਭੁੱਗਤਣਗੇ. ਅੱਜ ਦੇਸ਼ ਭਗਤੀ ਦੇ ਜਜ਼ਬੇ ਨੂੰ ਪਾਲਣ ਵਾਲੇ ਆਪਣੀਆਂ ਸੇਵਾਵਾਂ ਅਸਿੱਧੇ ਜਾਂ ਸਿੱਧੇ ਰੂਪ ‘ਚ ਸਮੇਂ ਦੀ ਸਰਕਾਰ ਨੂੰ ਹੀ ਸਮਰਪਿਤ ਕਰ ਸਕਦੇ ਹਨ ਕਿਉਂਕਿ ਹਿੰਦੁਸਤਾਨ ਵਰਗੇ ਅਖੌਤੀ ਲੋਕਤੰਤਰ ਵਿੱਚ ਦੇਸ਼ ਦੇ ਸਾਰੇ ਹਿੱਤ ਦਰਅਸਲ ਸਮੇਂ ਦੀ ਸਰਕਾਰ ਦੇ ਹਿੱਤ ਹੁੰਦੇ ਹਨ. ਇਸੇ ਤਰਾਂ ਅੱਜ ਦੇ ਸਮੇਂ ‘ ਸੈਕੂਲਰ ‘ ਸ਼ਬਦ ਵੀ ਮੈਂਨੂੰ ਨਿਰਾਰਥਕ ਲਗਦਾ ਹੈ , ‘ ਸੈਕੂਲਰ ‘ ਭਾਵ ‘ ਧਰਮ ਨਿਰਪੱਖ ‘ ਹੋਣ ਦਾ ਅਰਥ ਹੈ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਤੋਂ ਗੁਰੇਜ਼ ਕਰਨਾ ਤੇ ਬਹੁ-ਗਿਣਤੀ ਦੀ ਹਰ ਜਾਇਜ਼ ਨਜਾਇਜ਼ ਗੱਲ ਦੇ ਹੱਕ ‘ਚ ਨਾ ਚਾਹ ਕੇ ਵੀ ਤਾੜੀਆਂ ਮਾਰਨਾ .ਜੇ ਕਿਤੇ ਘੱਟ-ਗਿਣਤੀਆਂ ਦੀ ਗੱਲ ਕੀਤੀ ਤਾਂ ਸਮੇਂ ਦੀਆਂ ‘ ਦੇਸ਼-ਭਗਤ ਤਾਕਤਾਂ ‘ ਤੁਹਾਨੂੰ ਉਸੇ ਵੇਲੇ ” ਕੱਟੜਪੰਥੀ ” ਐਲਾਨ ਦੇਣਗੀਆਂ , ਕਮਾਲ ਦੀ ਗੱਲ ਇਹ ਵੀ ਹੈ ਕਿ ਉਹ ‘ ਦੇਸ਼-ਭਗਤ ਤਾਕਤਾਂ ‘ ਖੁਦ ਵੀ ਇਹ ਨਹੀਂ ਸਮਝ ਸਕਣਗੀਆਂ ਕਿ ਉਹ ਅਸਲ ‘ਚ ਕਿਸ ਦੇ ਹੱਕ ‘ਚ ਭੁਗਤ ਰਹੀਆਂ ਹਨ . ਸਾਡੀਆਂ ਕਮਿਊਨਿਸਟ ਪਾਰਟੀਆਂ ਪਿਛਲੇ ਕਾਫੀ ਸਾਲਾਂ ਤੋਂ ਇਸ ਕਿਸਮ ਦੀ ‘ ਦੇਸ਼ ਭਗਤੀ ‘ ਦਾ ਸ਼ਿਕਾਰ ਹੋ ਰਹੀਆਂ ਹਨ .ਮੈਂ ਤਾਂ ਨਿਰਪੱਖ ਸ਼ਬਦ ਨੂੰ ਹੀ ਨਹੀਂ ਮੰਨਦਾ , ” ਨਿਰਪੱਖ ” ਕੋਈ ਨਹੀਂ ਹੁੰਦਾ , ਜੋ ਆਪਣੇ ਆਪ ਨੂੰ ‘ ਨਿਰਪੱਖ ‘ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਦਰਅਸਲ ਤਾਕਤਵਰ ਦੇ ਹੱਕ ‘ਚ ਹੁੰਦਾ ਹੈ , ਨਿਰਪੱਖ ਹੋਣ ਦਾ ਸਿਰਫ ਭਰਮ ਪਾਲਿਆ ਜਾ ਸਕਦਾ ਹੈ ਜਾਂ ਢੌਂਗ ਰਚਿਆ ਜਾ ਸਕਦਾ ਹੈ , ਯਥਾਰਥ ਦੀ ਧਰਾਤਲ ਤੇ ਆਪਣੇ ਆਪ ਨੂੰ ਦਲੀਲਾਤਮਕ ਢੰਗ ਨਾਲ ਨਿਰਪੱਖ ਸਿੱਧ ਨਹੀਂ ਕੀਤਾ ਜਾ ਸਕਦਾ . ਬਹੁਤ ਸਾਰੇ ਆਦਰਸ਼ਵਾਦੀ ਲੋਕ ‘ ਇਨਸਾਨੀਅਤ ‘ ਦੀ ਦੁਹਾਈ ਦਿੰਦੇ ਦਰਅਸਲ ਕਿੰਨਾਂ ਦੇ ਹੱਥਾਂ ‘ਚ ਖੇਡ ਜਾਂਦੇ ਹਨ ਇਹ ਉਨਾਂ ਨੂੰ ਖੁਦ ਵੀ ਪਤਾ ਨਹੀਂ ਲਗਦਾ , ਸਾਡੇ ਦੇਸ਼ ‘ਚ ਅਜਿਹੇ ਲੋਕਾਂ ਦੀ ਬਹੁਗਿਣਤੀ ਹੈ. ਚਾਹ ਦੀਆਂ ਚੁਸਕੀਆਂ ਲੈਂਦੇ , ਨੌਕਰੀ ਕਰਦੇ , ਬੱਚੇ ਪਾਲਦੇ , ਘਰੋਂ ਕੰਮ ਤੇ ਜਾਂਦੇ ਤੇ ਕੰਮ ਤੋਂ ਸਿੱਧੇ ਘਰ ਆਉਂਦੇ , ਥੋੜਾ ਜਿਹਾ ਟੀ. ਵੀ. ਵੇਖਦੇ , ਥੋੜਾ ਜਿਹਾ ਅਖਬਾਰ ਚੱਬਦੇ , ਦੋ ਚਾਰ ਪੰਨੇ ਕਿਤਾਬਾਂ ਦੇ ਖਾਂਦੇ , ਗੁਆਂਢੀ ਨਾਲ ” ਹਾਏ -ਬਾਏ ” ਕਰਦੇ ਇਹ ਲੋਕ ਹਰ ਗਲੀ ਮੁਹੱਲੇ ‘ਚ ਮਿਲਦੇ ਹਨ . ਦੇਸ਼ , ਰਾਜਨੀਤੀ , ਭ੍ਰਿਸ਼ਟਾਚਾਰ , ਮਹਿੰਗਾਈ , ਯੋਗਾ , ਰਾਮਦੇਵ , ਅੰਨਾ ਹਜ਼ਾਰੇ , ਕ੍ਰਿਕਟ , ਟੀ.ਵੀ. ਸੀਰੀਅਲ , ਸ਼ਾਪਿੰਗ -ਮਾੱਲ , ਬੱਚੇ , ਕੈਰੀਅਰ ਜਿਹੇ ਸ਼ਬਦਾਂ ਦੀ ਮੁਹਾਰਨੀ ਰੱਟਦੇ ਇਹ ਲੋਕ ਤੁਹਾਨੂੰ ਇਸ ਦੇਸ਼ ‘ਚ ਹਰ ਥਾਂ ਮਿਲ ਜਾਣਗੇ . ਇਸ ਮੱਧ-ਵਰਗ ਨੇ ਕਰਨਾ ਕਤਰਨਾ ਕੁੱਝ ਨਹੀਂ ਹੁੰਦਾ , ਸਿਰਫ ਆਪਣੀ ਹੀ ਧੁੰਨੀ ਦੁਆਲੇ ਘੁੰਮਣਾ ਹੁੰਦਾ ਹੈ ਪਰ ਇਹ ਲੋਕ ਬੋਲਦੇ ਬਹੁਤ ਨੇ , ਅੱਜ ਕੱਲ ਇਹ ਨਸਲ ” ਫੇਸਬੁੱਕ ” ਤੇ ਬਹੁਤ ਪਾਈ ਜਾਂਦੀ ਹੈ . ਕਿਸੇ ਵੇਲੇ ‘ ਸੋ ਕਾਲਡ ‘ ਕਾਮਰੇਡਾਂ ਨੇ ਵੀ ਇਹ ਕੰਮ ਜ਼ੋਰ ਸ਼ੋਰ ਨਾਲ ਕੀਤਾ , ਅਮਰੀਕਾ ਨੂੰ ਭੰਡਦੇ ਭੰਡਦੇ ਇਹ ‘ ਕਾਮਰੇਡ ‘ ਆਖਿਰ ਆਪ ਅਮਰੀਕਾ ‘ਚ ਹੀ ਜਾ ਕੇ ‘ ਸੈੱਟ ‘ ਹੋ ਗਏ. ਚੱਲੋ ਛੱਡੋ..ਇੰਨਾਂ ਦੀ ਕੀ ਗੱਲ ਕਰਨੀ ਹੈ … !
ਮੈਂ ਜਿਸ ਸਮਾਜਿਕ , ਰਾਜਨੀਤਕ ਤਾਣੇ-ਬਾਣੇ ਦੀ ਗੱਲ ਸ਼ੁਰੂ ‘ਚ ਕੀਤੀ ਸੀ , ਉਸ ਗੱਲ ਤੋਂ ਦੁਬਾਰਾ ਸ਼ੁਰੂ ਕਰਦੇ ਹਾਂ . ਇਸ ਦੇਸ਼ ਵਿੱਚ ਘੱਟ-ਗਿਣਤੀਆਂ ਬਾਰੇ ਗੱਲ ਕਰਨ ਵਾਲੇ ਨੂੰ ਜੇ ਦੇਸ਼ -ਵਿਰੋਧੀ ਸਮਝ ਲਿਆ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਇਹ ਦੇਸ਼ ਬਹੁ-ਗਿਣਤੀ ਧਰਮ ਵਾਲੇ ਤੇ ਉਨਾਂ ਦੀਆਂ ਏਜੰਸੀਆਂ ਚਲਾਉਂਦੀਆਂ ਹਨ , ਉਹ ਤਾਕਤਾਂ ਜੋ ਸਿੱਖਾਂ ਨੂੰ ਖੁਸ਼ ਕਰਨ ਲਈ “ਸਿੱਖ ਪ੍ਰਧਾਨ-ਮੰਤਰੀ ” ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ” ਮੁਸਲਮਾਨ ਰਾਸ਼ਟਰਪਤੀ ” ਨੂੰ ਉਦਾਹਰਣ ਵੱਜੋਂ ਖੜਾ ਕਰ ਕੇ ਰੱਖਦੀਆਂ ਹਨ ਪਰ ਅਮਲ ‘ਚ ਉਹ ਕਾਰਜ ਕਰਦੀਆਂ ਹਨ ਜੋ ਉਹ ਅਸਲ ‘ਚ ਕਰਨਾ ਚਾਹੁੰਦੀਆਂ ਹਨ , ਜੋ ਉਨਾਂ ਦਾ ਮਨੋਰਥ ਹੈ. ਸਾਰਾ ਤਾਣਾ-ਬਾਣਾ ਦਰਅਸਲ ਕਾਂਗਰਸ ਤੇ ਆਰ. ਐਸ. ਐਸ . ਦੇ ਵਿੱਚਕਾਰ ਹੀ ਬੁਣਿਆ ਹੋਇਆ ਹੈ , ਉਂਝ ਨਾਂਅ ਇਸ ਨੂੰ ਜੋ ਮਰਜ਼ੀ ਦੇ ਲਓ , ਇੱਕ ਪਾਸੇ ਮੌਕਾਪ੍ਰਸਤ ਸਰਮਾਏਦਾਰੀ ਹੈ ਦੂਜੇ ਪਾਸੇ ਰੂੜੀਵਾਦੀ ਹਿੰਦੂ-ਤੱਵ ਭਾਵ ਧਰਮ ਭਾਵ ਮਨੂੰਵਾਦੀ ਵਿਚਾਰਧਾਰਾ , ਇੱਕ ਗਾਂਧੀ ਨੂੰ ”ਮਹਾਤਮਾ ” ਕਹਿਣ ਵਾਲੇ ਤੇ ਦੂਜੇ ਪਾਸੇ ਉਸਦਾ ਵੀ ਵਿਰੋਧ ਕਰਨ ਵਾਲੇ . ਇੰਨਾਂ ਦੋਨਾਂ ਤਾਕਤਾਂ ‘ਚ ਮੁੱਖ ਰੂਪ ‘ਚ ਹਿੰਦੂ ਕੇਂਦਰ ‘ਚ ਹਨ , ਕੁੱਝ ‘ ਸੈਕੂਲਰ ‘ ਮੁਸਲਮਾਨ ਅਤੇ ‘ ਸੈਕੂਲਰ ‘ ਸਿੱਖ ਤੇ ਬਾਕੀ ਲੋਕਾਂ ਦੀ ਥਾਂ ਬਾਅਦ ‘ਚ ਆਉਂਦੀ ਹੈ , ਇੱਕ ਧਿਰ ਦਲਿਤਾਂ ਨੂੰ ਹੋਰ ਤਰੀਕੇ ਨਾਲ ਇਸਤੇਮਾਲ ਕਰਦੀ ਹੈ ਤੇ ਦੂਜੀ ਹੋਰ ਤਰੀਕੇ ਨਾਲ , ਜਿੱਥੇ ਸਵਾਲ ਦਲਿੱਤਾਂ ਦਾ ਆ ਜਾਂਦਾ ਹੈ ਉੱਥੇ ਧਰਮ ਪਿੱਛੇ ਰਹਿ ਜਾਂਦਾ ਹੈ , ਇਸ ਦੇਸ਼ ‘ਚ ਜਾਤੀਵਾਦ ਦੀ ਜਕੜ ਅੱਜ ਵੀ ਧਰਮ ਨਾਲੋਂ ਸ਼ਕਤੀਸ਼ਾਲੀ ਹੈ , ਇਹ ਗੱਲ ਖਾਸ ਧਿਆਨ ਦੀ ਮੰਗ ਕਰਦੀ ਹੈ ਕਿ ਅਜਿਹਾ ਕਿਉਂ ਹੈ ? ਇਸ ਗੱਲ ਨੂੰ ਸਮਝ ਕੇ ਹੀ ਇਸ ਦੇਸ਼ ਦੇ ਸਮਾਜਿਕ , ਰਾਜਨੀਤਕ ਤਾਣੇ-ਬਾਣੇ ਦੀ ਬਣਤਰ ਦੇ ਅਧਾਰ ਨੂੰ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ .ਕਾਂਗਰਸ ਸਿੱਖਾਂ ਤੇ ਮੁਸਲਮਾਨਾਂ ਨੂੰ ਵਰਗਲਾ ਕੇ ਨਾਲ ਰੱਖਦੀ ਹੈ ਤੇ ਸੰਘ ਡਰਾ ਕੇ , ਕਈ ਵਾਰ ਇਸਦੇ ਉਲਟ ਵੀ ਹੋਇਆ ਹੈ , ਗੁਜ਼ਰਾਤ ਦਾ ਗੋਧਰਾ ਕਾਂਡ ਤੇ ਚੁਰਾਸੀ ਦਾ ਸਿੱਖ ਵਿਰੋਧੀ ਕਤਲੇਆਮ ਇਸ ਦੀਆਂ ਵੱਡੀਆਂ ਉਦਾਹਰਣਾਂ ਹਨ. ਇਸਦਾ ਅਰਥ ਇਹ ਹੈ ਕਿ ਇਸ ਦੇਸ਼ ‘ਚ ਘੱਟ-ਗਿਣਤੀ ਮਰੇ ਹੀ ਮਰੇ , ਚਾਹੇ ਕਿਵੇਂ ਮਰੇ , ਮਰਨਾ ਯਕੀਨਨ ਹੈ , ਕਿੰਨੀ ਹਾਸੋਹੀਣੀ ਗੱਲ ਹੈ ਕਿ ਇਸ ਦੇਸ਼ ‘ਚ ਘੱਟ-ਗਣਤੀ ਕਮੀਸ਼ਨ ਵੀ ਹੈ ! ਅਜਿਹੇ ਦੇਸ਼ ‘ਚ ਚੁਰਾਸੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੀ ਆਸ ਕਰਨੀ ਉਨੀਂ ਹੀ ਵੱਡੀ ਮੂਰਖਤਾ ਹੋ ਨਿਬੜੇਗੀ ਜਿੰਨੀ ਵੱਡੀ ਮੂਰਖਤਾ ਮੋਦੀ ਦੇ ਇਸ ਬਿਆਨ ‘ਚ ਸੁਹਿਰਦਤਾ ਲੱਭਣ ਵਾਲੇ ਪਾਲ ਰਹੇ ਹਨ ਕਿ ਜੇ ਮੈਂ ਗੁਜ਼ਰਾਤ ਦੰਗਿਆਂ ਦਾ ਦੋਸ਼ੀ ਹਾਂ ਤਾਂ ਮੈਂਨੂੰ ਫਾਂਸੀ ਤੇ ਲਟਕਾ ਦਿਓ !
ਇਸ ਸਾਲ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਨੂੰ ਅਠਾਈ ਸਾਲ ਹੋ ਰਹੇ ਹਨ , ਦੇਸ਼ ਦਾ ਕੇਂਦਰੀ ਮੰਤਰੀ ਸਭ-ਕੁੱਝ ਭੁੱਲ ਜਾਣ ਨੂੰ ਕਹਿੰਦਾ ਹੈ , ਕਾਂਗਰਸ ਦਿੱਲੀ ਦੇ ਸਿੱਖਾਂ ਨੂੰ ਭਾਈਵਾਲ ਬਣਾ ਕੇ ਇਨਸਾਫ ਦੀ ਮੰਗ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ . ਦੇਸ਼ ਵਿਦੇਸ਼ ‘ਚ ਬੈਠੇ ਸਿੱਖ ਅੱਜ ਵੀ ਹਾਲ ਦੁਹਾਈ ਪਾ ਰਹੇ ਹਨ ਪਰ ਇਨਸਾਫ …ਇਨਸਾਫ ਤਾਂ ਕਦੋਂ ਦਾ ਦਮ ਤੋੜ ਚੁੱਕਾ ਹੈ , ਇਨਸਾਫ ‘ਚ ਦੇਰੀ ਬੇਇੰਨਸਾਫੀ ਹੀ ਹੁੰਦੀ ਹੈ ਸੋ ਉਹ ਸ਼ਰੇਆਮ ਹੋ ਰਹੀ ਹੈ . ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਸਿਰਫ ਕਾਂਗਰਸ ਦਾ ਵਿਰੋਧ ਕਰਨ ਲਈ ਇਸਤੇਮਾਲ ਕਰ ਰਹੀ ਹੈ , ਪੰਜਾਬ ਦੀ ਹੁਕਮਰਾਨ ਅਕਾਲੀ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਾਲ ਮੌਕਾਪ੍ਰਸਤ ਭਿਆਲੀ ਤੇ ਵੀ ਵੱਖਰੇ ਤੌਰ ਤੇ ਲੰਬੀ ਚੌੜੀ ਗੱਲ ਹੋ ਸਕਦੀ ਹੈ ਪਰ ਸਭ ਤੋਂ ਦੁੱਖਦਾਇਕ ਗੱਲ ਇਹ ਹੈ ਕਿ ਤੁਸੀਂ ਇਸ ਵਿਰੁੱਧ ਅਵਾਜ਼ ਉਠਾਉਣ ਵੇਲੇ ਇੱਕ ਪਲ ‘ਚ ” ਕੱਟੜਪੰਥੀ ” ਅਤੇ “ਦੇਸ਼-ਧਰੋਹੀ ” ਐਲਾਨੇ ਜਾ ਸਕਦੇ ਹੋ , ਇੱਥੇ ਇਹ ਵੀ ਵਰਨਣਯੋਗ ਹੈ ਕਿ ਤੁਹਾਨੂੰ ਇਹ ਫਤਵਾ ਦੇਣ ਵਾਲੇ ਵੀ ਕਹਿਣ ਨੂੰ ਸਰਕਾਰ-ਪੱਖੀ ਨਹੀਂ ਹੋਣਗੇ ਪਰ ਉਹ ਕੰਮ ਸਰਕਾਰ ਦਾ ਹੀ ਕਰ ਰਹੇ ਹੋਣਗੇ ਤੇ ਉਹ ਵੀ ਬਿਨਾਂ ਕਹੇ ਤੇ ਸਰਕਾਰ ਦੀਆਂ ਏਜੰਸੀਆਂ ਤੋਂ ਪਹਿਲਾਂ ! ‍ਇਸ ਨਾਲ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਟੇਟ ਕਿਸ ਕਿਸ ਤਰਾਂ ਦੇ ਗੁਰਗੇ ਪਾਲ ਕੇ ਰੱਖਦੀ ਹੈ , ਤੁਹਾਡਾ ਨਿਸ਼ਾਨਾ ਸਾਹਮਣੇ ਦੁਸ਼ਮਣ ਵੱਲ ਸਿੱਧਾ ਹੁੰਦਾ ਹੈ ਪਰ ਤੁਹਾਡੀ ਵੱਖੀ ‘ਚ ਤੀਰ ਸੱਜਿਓਂ ਜਾਂ ਖੱਬਿਓਂ ਵੱਜਦਾ ਹੈ.
ਘੱਟ-ਗਿਣਤੀਆਂ ਨੂੰ ਅਹਿਸਾਸ-ਏ-ਕਮਤਰੀ ਦੇਣ ਲਈ ਬਹੁ-ਗਿਣਤੀ ਕੋਲ ਬਹੁਤ ਸਾਰੇ ਸਾਧਨ ਹਨ , ਜਿੰਨਾਂ ‘ਚ ਫਿਲਮਾਂ , ਪ੍ਰੈਸ , ਸਾਹਿਤ , ਟੀ.ਵੀ. , ਨੈੱਟ ਆਦਿ ਪ੍ਰਮੁੱਖ ਹਨ . ਪਿਛਲੇ ਦਿਨੀਂ ਪੰਜਾਬ ਦੇ ਜੰਮ-ਪਲ ਸਿੱਖ ਬਜ਼ੁਰਗ ਸੌ ਸਾਲ ਦੀ ਉਮਰ ਦੇ ਦੌੜਾਕ ਬਾਬਾ ਫੌਜਾ ਸਿੰਘ ਦਾ ਇੱਕ ਟੀ.ਵੀ. ਕਾਮੇਡੀ ਸ਼ੋਅ ‘ਚ ਬਹੁਤ ਹੀ ਭੱਦਾ ਮਜ਼ਾਕ ਉਡਾਇਆ ਗਿਆ , ਜਿਸ ਨਾਲ ਪੂਰੀ ਦੁਨੀਆ ‘ਚ ਬੈਠੇ ਸਿੱਖ ਭਾਈਚਾਰੇ ‘ਚ ਰੋਸ ਦੀ ਲਹਿਰ ਦੌੜ ਗਈ ਪਰ ਅਫਸੋਸ ਹਿੰਦੁਸਤਾਨ ਦੀ ਕਿਸੇ ਵੀ ਮੋਹਰੀ ਸਿੱਖ ਜਥੇਬੰਦੀ ਨੇ ਇਹ ਮਾਮਲਾ ਗੰਭੀਰਤਾ ਨਾਲ ਨਹੀਂ ਲਿਆ , ਆਖਿਰ ਮੈਂਨੂੰ ਉਸ ਚੈਨਲ , ਐਂਕਰ , ਐਕਟਰ ਅਤੇ ਡਾਇਰੈਕਟਰ ਦੇ ਖਿਲਾਫ ਬਠਿੰਡਾ ਦੀ ਅਦਾਲਤ ‘ਚ ਕੇਸ ਕਰਨਾ ਪਿਆ , ਗੱਲ ਫੌਜਾ ਸਿੰਘ ਦੇ ਸਿੱਖ ਹੋਣ ਦੀ ਨਹੀਂ , ਨਾ ਮੇਰੇ ਸਿੱਖ ਹੋਣ ਦੀ ਹੀ ਹੈ , ਗੱਲ ਇੱਕ ਸੌ ਇੱਕ ਸਾਲ ਦੇ ਮਾਣਯੋਗ ਬਜ਼ੁਰਗ ਦੀ ਬੇਇੱਜ਼ਤੀ ਕਰਨ ਦੀ ਹੈ ਜੋ ਇਸ ਉਮਰ ‘ਚ ਸਾਰੇ ਦੇਸ਼ ਦਾ ਮਾਣ ਵਧਾ ਰਿਹਾ ਹੈ , ਜੋ ਇਸ ਵੇਰ ਲੰਡਨ ਉਲਿੰਪਕ ‘ਚ ਵੀ ਮਸ਼ਾਲ ਫੜ ਕੇ ਦੌੜਿਆ , ਇਹ ਗੱਲ ਵੱਖਰੀ ਹੈ ਕਿ ਇਸ ਦੇਸ਼ ਦੇ ਮੀਡੀਆ ਨੇ ਖਬਰ ਸਿਰਫ ਅਮਿਤਾਭ ਬੱਚਨ ਦੇ ਉਲਿੰਪਕ ਮਸ਼ਾਲ ਫੜ ਕੇ ਦੌੜਨ ਦੀ ਹੀ ਹਾਈ-ਲਾਇਟ ਕੀਤੀ .ਇਸ ਘਟਨਾ ਦੇ ਸਬੰਧ ‘ਚ ਮੇਰੀ ਸਾਰੀ ਦੁਨੀਆਂ ‘ਚ ਬੈਠੇ ਸਿੱਖ ਭਾਈਚਾਰੇ ਨਾਲ ਗੱਲ ਹੋਈ , ਗੈਰ ਸਿੱਖ ਚਿੰਤਕਾਂ ਨਾਲ ਵੀ ਗੱਲ ਹੋਈ ਸਭ ਨੇ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਪਰ ਅਫਸੋਸ ਮੈਂ ਜਿੰਨਾਂ ਲੋਕਾਂ ‘ਚ ਰਹਿ ਰਿਹਾ ਹਾਂ ਉਹ ਉਕਤ ਕਿਸਮ ਦੀ ‘ ਧਰਮ-ਨਿਰਪੱਖਤਾ ‘ ਹੰਢਾ ਰਹੇ ਹਨ ਇਸ ਲਈ ਉਨਾਂ ਨੂੰ ਮੇਰਾ ਇਹ ਕਾਰਜ ਕਾਫੀ ਹੱਦ ਤੀਕ “ਧਰਮ-ਪ੍ਰੇਰਿਤ” ਵੀ ਲੱਗਿਆ ਹੋਵੇਗਾ ਜਿਵੇਂ ਉਨਾਂ ਚੋਂ ਬਹੁਤਿਆਂ ਨੂੰ ਮੇਰਾ ਸਿੱਖੀ ਸਰੂਪ ‘ਚ ਵਾਪਿਸ ਆਉਣਾ ਜਾਂ ਨਾਮ ਨਾਲ ” ਸਿੰਘ ” ਲਿਖਣਾ ਲੱਗ ਰਿਹਾ ਹੈ , ਮੈਨੂੰ ਇੰਨਾਂ ਲੋਕਾਂ ਦੇ ” ਆਦਰਸ਼ਵਾਦ ” ਤੇ ਹਾਸਾ ਆਉਂਦਾ ਹੈ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਅਚੇਤ ਰੂਪ ‘ਚ ਕਿਸ ਦੇ ਹੱਕ ‘ਚ ਭੁਗਤ ਰਹੇ ਹਨ ! ਇੱਕ ਸੱਜਣ ਮੈਨੂੰ ਕਹਿੰਦਾ ਕਿ ਫੌਜਾ ਸਿੰਘ ਵਾਲਾ ਮਸਲਾ ਬਹੁਤ ਸੰਵੇਦਨਸ਼ੀਲ ਹੈ ਇਸ ਨੂੰ ਸਿੱਖੀ ਦੀ ਪੁੱਠ ਨਾ ਦਿਓ ਸਗੋਂ ਇਨਸਾਨੀਅਤ ਦੇ ਦਾਇਰੇ ‘ਚ ਰੱਖ ਕੇ ਵਿਚਾਰੋ , ਮੈਂ ਕਿਹਾ ਵਿਚਾਰੋ ਭਾਅ ਜੀ , ਪਰ ਉਹ ਇਸ ਤੋਂ ਵੀ ਭੱਜ ਗਿਆ ! ਮਤਲਬ ਗੱਲਾਂ ਕਰੋ , ਅਮਲੀ ਰੂਪ ‘ਚ ਕੁੱਝ ਨਾ ਕਰੋ ਨਾ ਕਰਨ ਨੂੰ ਕਹੋ ! ਅਜਿਹੇ ਗਾਲੜ-ਪਟਵਾਰੀ ਟਾਇਪ ਲੋਕਾਂ ਦਾ ਜ਼ਿਕਰ ਮੈਂ ਸ਼ੁਰੂ ‘ਚ ਕਰ ਚੁੱਕਾ ਹਾਂ ! ਵੈਸੇ ਇਸ ਦੇਸ਼ ‘ਚ ਜਿਸ ਸਿੱਖ ਦਾ ਸਭ ਤੋਂ ਵੱਧ ਮਜ਼ਾਕ ਉਡਾਇਆ ਜਾਂਦਾ ਹੈ ਉਹ ਹੈ ਪ੍ਰਧਾਨ-ਮੰਤਰੀ ਮਨਮੋਹਨ ਸਿੰਘ , ਭਾਰਤੀ ਜਨਤਾ ਪਾਰਟੀ ਟਾਇਪ ਤਾਕਤਾਂ ਉਸ ਨੂੰ ” ਦੇਸ਼ ਦਾ ਸਭ ਤੋਂ ਕਮਜ਼ੋਰ ਪ੍ਰਧਾਨ-ਮੰਤਰੀ ” ਕਹਿੰਦੀਆਂ ਹਨ , ਉਸ ਤੇ ਲਤੀਫੇਬਾਜ਼ੀ ਕੀਤੀ ਜਾਂਦੀ ਹੈ , ਉਸਦੇ ਕਾਰਟੂਨ ਬਣਾਏ ਜਾਂਦੇ ਹਨ , ਉਸ ਬਾਰੇ ਅਖੌਤਾਂ ਮਸ਼ਹੂਰ ਹੋ ਗਈਆਂ ਹਨ , ਪਰ ਮਨਮੋਹਨ ਸਿੰਘ ਦਾ ਪ੍ਰਧਾਨਮੰਤਰੀ ਹੋਣਾ ਤੇ ਉਹ ਵੀ ਕਾਂਗਰਸ ਦਾ ਹੋਣਾ , ਉਸਨੂੰ ਆਮ ਸਿੱਖ ਨਾਲੋਂ ਕੱਟ ਦਿੰਦਾ ਹੈ , ਇੱਥੇ ਗੱਲ ਸਮਝਣ ਵਾਲੀ ਹੈ ਕਿ ਇੱਕ ਆਮ ਸਿੱਖ ਲਈ ਫੌਜਾ ਸਿੰਘ ਕੀ ਹੈ ਤੇ ਮਨਮੋਹਨ ਸਿੰਘ ਕੀ ਹੈ ! ਰਾਜਨੀਤੀ ਆਮ ਮਨੁੱਖ ਨੂੰ ਜੇ ਤੰਗ ਕਰਦੀ ਹੈ ਤਾਂ ਆਮ ਮਨੁੱਖ ਵੀ ਰਾਜਨੀਤੀ ਤੋਂ ਆਪਣੇ ਹੀ ਢੰਗ ਨਾਲ ਬਦਲੇ ਲੈਂਦਾ ਹੈ , ਮਨਮੋਹਨ ਸਿੰਘ ਦੇ ਮਾਮਲੇ ‘ਚ ਇਹੋ ਕੁੱਝ ਹੋਇਆ ਹੈ ! ਵੈਸੇ ਇੱਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਇਸ ਦੇਸ਼ ‘ਚ ਬਾਲ ਠਾਕਰੇ ਤੇ ਲਤੀਫੇਬਾਜ਼ੀ ਨਹੀਂ ਕੀਤੀ ਜਾਂਦੀ ਉਸਦੇ ਅਖਬਾਰੀ ਬਿਆਨ ਬੇਸ਼ੱਕ ਕਿੰਨੇ ਵੀ ਹਾਸੋਹੀਣੇ ਕਿਉਂ ਨਾ ਹੋਣ , ਜੋਕਰ ਬਣਾ ਕੇ ਸਿਰਫ ਸਿੱਖਾਂ ਤੇ ਪਾਰਸੀਆਂ ਨੂੰ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਖਲਨਾਇਕ ਬਣਾ ਕੇ ਮੁਸਲਮਾਨਾਂ ਨੂੰ !
ਦੁਨੀਆਂ ਭਰ ਦੇ ਸਿੱਖਾਂ ਦੀ ਹਿੰਦੁਸਤਾਨ ( ਜਿਸਨੂੰ ਨੈੱਟ ਤੇ ਬਾਹਰਲੇ ਦੇਸ਼ਾਂ ‘ਚ ਬੈਠੇ ਸਿੱਖ ” ਹਿੰਦੂ-ਸ਼ੈਤਾਨ ” ਲਿਖਣ ਲੱਗ ਪਏ ਹਨ ) ਬਾਰੇ ਰਾਇ ਪਿਛਲੇ ਦਿਨੀਂ ਵਾਪਰੀ ਇੱਕ ਘਟਨਾ ਤੋਂ ਹੋਰ ਵੀ ਖੁੱਲ ਕੇ ਸਾਹਮਣੇ ਆਈ ਹੈ , ਇਹ ਘਟਨਾ ਹੈ ਅਮਰੀਕਾ ਦੇ ਇੱਕ ਗੁਰੂਦੁਆਰੇ ਵਿੱਚ ਹੋਈ ਗੋਲੀਬਾਰੀ ਦੀ , ਇਸ ਘਟਨਾ ‘ਚ ਅਮਰੀਕਾ ‘ਚ ਵੱਸਦੇ ਕੁੱਝ ਸਿੱਖਾਂ ਦੀ ਮੌਤ ਹੋ ਗਈ ਸੀ ਪਰ ਅਮਰੀਕਾ ਦੀ ਸਰਕਾਰ ਤੇ ਪੁਲਿਸ ਨੇ ਉੱਥੋਂ ਦੇ ਸਿੱਖਾਂ ਦਾ ਦਿਲ ਜਿੱਤ ਲਿਆ , ਬਰਾਕ ਓਬਾਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਿੱਖ ਸਾਡੇ ਪਰਿਵਾਰ ਦਾ ਅੰਗ ਹਨ , ਅਮਰੀਕਨ ਮੰਤਰੀ ਸੰਬਧਿਤ ਗੁਰੂਦੁਆਰੇ ਆ ਕੇ ਰੋ ਪਿਆ , ਅਮਰੀਕਨ ਲੋਕਾਂ ਨੇ ਜਿਸ ਤਰਾਂ ਸਿੱਖਾਂ ਦਾ ਦਰਦ ਵੰਡਾਇਆ ਉਸਦੀ ਮਿਸਾਲ ਹਿੰਦੁਸਤਾਨ ‘ਚ ਵੀ ਨਹੀਂ ਮਿਲ ਸਕਦੀ , ਅਮਰੀਕਨ ਸਰਕਾਰ ਦੇ ਹੁਕਮਾਂ ਅਨੁਸਾਰ ਸਭ ਸਰਕਾਰੀ ਇਮਾਰਤਾਂ ਤੇ ਅਮਰੀਕਨ ਝੰਡੇ ਅੱਧੇ ਝੁਕਾਅ ਦਿੱਤੇ ਗਏ , ਇੰਨਾਂ ਹੀ ਨਹੀਂ ਅਮਰੀਕਨ ਸਰਕਾਰ ਨੇ ਇਹ ਹੁਕਮ ਵੀ ਜਾਰੀ ਕੀਤਾ ਕਿ ਸਥਾਨਕ ਪੁਲਿਸ ਵਿੱਚ ਪੱਗੜੀਧਾਰੀ ਸਿੱਖਾਂ ਨੂੰ ਭਰਤੀ ਕੀਤਾ ਜਾਵੇਗਾ . ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੇ ਇਸ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ ਪਰ ਇਸਦੇ ਉਲਟ ਦਿੱਲੀ ‘ਚ ਜਦ ਕੁੱਝ ‘ ਸਿੱਖ-ਰੂਪੀ ‘ ਲੋਕਾਂ ਨੇ ਇਸ ਘਟਨਾ ਤੇ ਝੂਠਾ-ਮੂਠਾ ਦਿਖਾਵਟੀ ਰੋਸ ਜਿਤਾਉਣ ਲਈ ਅਮਰੀਕਾ ਦਾ ਝੰਡਾ ਸਾੜ ਕੇ ਉਸ ਵਿਰੁੱਧ ਨਾਹਰੇ ਲਾਏ ਤਾਂ ਦੁਨੀਆਂ ਭਰ ਦੇ ਸਿੱਖਾਂ ਨੇ ਉਨਾਂ ਲੋਕਾਂ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਸਾਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ , ਅਮਰੀਕਾ ਦੇ ਸਿੱਖਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਮਰੀਕਾ ਸਾਡਾ ਦੇਸ਼ ਹੈ ਤੁਸੀਂ ਕੌਣ ਹੁੰਦੇ ਹੋ ਸਾਡੇ ਦੇਸ਼ ਦਾ ਝੰਡਾ ਫੂਕਣ ਵਾਲੇ ! ਅੰਤਰ-ਰਾਸ਼ਟਰੀ ਮੀਡੀਆ ‘ਚ ਇਸ ਹਰਕਤ ਨਾਲ ਹਿੰਦੁਸਤਾਨ ਦਾ ਤੇ ਉਨਾਂ ‘ ਸਿੱਖ-ਰੂਪੀ ‘ ਲੋਕਾਂ ਦਾ ਕੀ ਅਕਸ ਬਣਿਆ ਇਹ ਤੁਸੀਂ ਖੁਦ ਸਮਝ ਸਕਦੇ ਹੋ , ਕਹਿੰਦੇ ਨੇ ਉਹ ‘ ਸਿੱਖ -ਰੂਪੀ ‘ ਲੋਕ ਆਰ. ਐਸ. ਐਸ. ਦੇ ਬੰਦੇ ਸਨ , ਉਨਾਂ ਨੂੰ ਸਿਰਫ ਧੂਤੂ ਬਣਾ ਕੇ ਵਰਤਿਆ ਜਾਂਦਾ ਹੈ ਸਿਰਫ ਆਪਣੀ ਮਨਮਰਜ਼ੀ ਦੇ ਬਿਆਨ ਦਿਵਾਉਣ ਲਈ . ਵੱਖ ਵੱਖ ਤਾਕਤਾਂ ਦੇ ਹੱਥ ਚੜ ਕੇ ਆਪਣਿਆਂ ਦੇ ਖਿਲਾਫ ਲੜਨ , ਆਪਣਿਆਂ ਦੇ ਖਿਲਾਫ ਗੱਦਾਰੀ ਕਰਨ ‘ਚ ਵੀ ਸਿੱਖਾਂ ਦਾ ਕੋਈ ਸਾਨੀ ਨਹੀਂ , ਇਤਿਹਾਸ ਫਰੋਲ ਲਓ ਕੁਰਬਾਨੀਆਂ ਤੇ ਗੱਦਾਰੀਆਂ ਨਾਲੋ ਨਾਲ ਚੱਲਦੀਆਂ ਮਿਲਣਗੀਆਂ . ਜੇ ਕਿਤੇ ਇੰਨਾਂ ‘ਚ ਏਕਾ ਹੁੰਦਾ ਤਾਂ ਇੰਨਾ ਦਾ ਇਤਿਹਾਸ , ਵਰਤਮਾਨ ਤੇ ਭਵਿੱਖ ਹੋਰ ਹੋਣਾ ਸੀ .
ਆਪਣੀ ਪਛਾਣ ਲਈ ਲੜਦੇ ਲੋਕਾਂ , ਆਪਣੇ ਧਰਮ , ਆਪਣੇ ਵਿਰਸੇ ਲਈ ਚਿੰਤਾਤੁਰ ਕੌਮਾਂ ਤੋਂ ਹਿੰਦੁਸਤਾਨ ਡਰਦਾ ਕਿਉਂ ਹੈ ? ਇਸਦੀ ਬਹੁ-ਗਿਣਤੀ ਜੋ ‘ਸੈਕੂਲਰ’ ਹੋਣ ਦਾ ਢੌਂਗ ਕਰਦੀ ਹੈ ਅਸਲ ਵਿੱਚ ਕੀ ਹੈ ? ਕੀ ਹਿੰਦੁਸਤਾਨ ਭਾਰਤ ਬਣ ਪਾਵੇਗਾ ? ਕੀ ਘੱਟ-ਗਿਣਤੀਆਂ ਦਾ ਦਿਲ ਲਾਰਿਆਂ ਨਾਲ ਜਿੱਤਣ ਦੀਆਂ ਹੀ ਕੋਸ਼ਿਸ਼ਾਂ ਹੁੰਦੀਆਂ ਰਹਿਣਗੀਆਂ ਜਾਂ ਚਾਰੇ ਲੜ ਦੱਬੀ ਬੈਠੀ ਬਹੁ-ਗਿਣਤੀ ਆਪਣਾ ਪਾਸਾ ਪਰਤਣ ਲਈ ਵੀ ਤਿਆਰ ਹੋਵੇਗੀ ? ਸਵਾਲ ਬਹੁਤ ਸਾਰੇ ਹਨ ਪਰ ਸਾਨੂੰ ਤਾਂ ਸਵਾਲ ਕਰਨ ਦੀ ਵੀ ਅਜ਼ਾਦੀ ਨਹੀਂ ! ਪਿਛਲੇ ਦਿਨੀਂ ਪੱਛਮੀ ਬੰਗਾਲ ਦੀ ਮੁੱਖ-ਮੰਤਰੀ ਨੇ ਇੱਕ ਸਵਾਲ ਕਰਨ ਵਾਲੇ ਕਿਸਾਨ ਨੂੰ ਹੀ ” ਨਕਸਲੀ ” ਗਰਦਾਨ ਕੇ ਜੇਲ ‘ਚ ਸੁੱਟ ਦਿੱਤਾ ਹੈ ਕਹਿੰਦੇ ਨੇ ਉਸ ਤੇ ਕਈ ਧਾਰਾਵਾਂ ਲਗਾ ਕੇ ਮੁਕੱਦਮੇ ਚਲਾਏ ਜਾਣਗੇ , ਬੋਲੋ ਲੋਕ-ਤੰਤਰ ਕੀ ਸਦਾ ਹੀ ਜੈ !
About the author

Leave a Reply

Your email address will not be published. Required fields are marked *