Sutta Nag
Sutta Naag
Screenplay,Dialogue,Direction : Amardeep Singh Gill
ਇਹੋ ਇਨਸਾਫ਼ ਹੈ
ਬਹੁਤ ਕੁੱਤਾ ਹਾਂ ਮੈਂ
ਐਵੇਂ ਭੌਂਕਦਾ ਰਹਿਨਾਂ
ਕਦੇ ਕਵਿਤਾ
ਕਦੇ ਗੀਤ !
ਬਹੁਤ ਬਕਵਾਸ ਕਰਦਾ ਹਾਂ
ਕਦੇ ਨਾਹਰੇ ਲਾਉਂਦਾ ਹਾਂ ,
ਕਦੇ ਵਿਖਾਵੇ ਕਰਦਾ ਹਾਂ ,
ਤੇਰੇ ਖਿਲਾਫ ਧਰਨੇ
ਦਿੰਦਾ ਹਾਂ !
ਉਸ ਹਰ ਭਾਸ਼ਾ ‘ਚ
ਭੌਂਕਦਾ ਹਾਂ
ਜੋ ਤੈਨੂੰ ਸਮਝ ਨਹੀਂ ਆਉਂਦੀ
ਜਾਂ ਤੂੰ ਸਮਝਣਾ ਨਹੀਂ ਚਾਹੁੰਦਾ !
ਤੇਰੇ ਖਿਲਾਫ
ਕਿਤਾਬਾਂ ਲਿਖਦਾ ਹਾਂ
ਨਾਟਕ ਖੇਡਦਾ ਹਾਂ
ਫਿਲਮਾਂ ਬਣਾਉਂਦਾ ਹਾਂ !
ਕਿੰਨਾਂ ਪਾਗਲ ਹਾਂ ਮੈਂ
ਤੈਨੂੰ ਰੋਅ ਰੋਅ ਕੇ
ਛਾਤੀ ਪਿੱਟ ਪਿੱਟ ਕੇ
ਵਿਖਾਉਂਦਾ ਹਾਂ !
ਬੇਮਤਲਬ ਚੀਕਦਾ ਹਾਂ
ਇਨਸਾਫ ਮੰਗਦਾ ਹਾਂ !
ਪਰ ਤੇਰਾ ਸ਼ੁਕਰੀਆ !
ਤੂੰ ਅੱਜ
ਜੋ ਮੇਰੇ ਨਾਲ ਕੀਤੀ
ਭਰੀ ਅਦਾਲਤ ‘ਚ ,
ਇਹੋ ਹੋਣੀ ਚਾਹੀਦੀ ਸੀ
ਮੇਰੇ ਨਾਲ ,
ਤੇਰੇ ਸੰਵਿਧਾਨ ਨੂੰ
ਤੇਰੇ ਕਾਨੂੰਨ ਨੂੰ ਮੰਨਣਾ
ਮੇਰੀ ਹੀ ਗਲਤੀ ਸੀ ,
ਚੰਗਾ ਕੀਤਾ ਤੂੰ
ਮੈਨੂੰ ਮੇਰੀ ਗਲਤੀ ਦੀ
ਦੇ ਦਿੱਤੀ ਸਜਾ
ਉਨੱਤੀ ਸਾਲ ਬਾਅਦ !
ਤੇ ਉਹ ਜੋ ਬਰੀ ਕਰ ਦਿੱਤਾ
ਉਹ ਸੱਚਮੁੱਚ ਨਿਰਦੋਸ਼ ਸੀ !
ਇਹੋ ਇਨਸਾਫ ਹੈ !!
ਦਾਮਿਨੀ ਦੇ ਨਾਂਅ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਇਨਸਾਨੀਅਤ , ਕਾਨੂੰਨ , ਇਨਸਾਫ !
ਅਸੀਂ ਵੀ ਸਾਰੇ ਦੇਸ਼ ਵਾਸੀ
ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ !
ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ
ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ
ਤੇਰੇ ਨਾਲ ਧੀਆਂ ਦਾ ਮਾਣ ਮਰ ਗਿਆ ਹੈ ,
ਤੇਰੇ ਨਾਲ ਹੀ ਮਰ ਗਈ ਹੈ
ਚਿੜੀਆਂ ਦੀ ਉਡਾਰੀ ,
ਕੋਇਲਾਂ ਦੇ ਗੀਤ !
ਤੇਰੇ ਬਾਅਦ ਕਿੰਨੀ ਉਦਾਸ ਖੜੀ ਹੈ
ਸਾਡੀ ਸਦੀਆਂ ਪੁਰਾਣੀ ਸਭਿਅਤਾ ,
ਅੱਜ ਸਾਡੇ ਸੰਸਕਾਰਾਂ ਦੇ ਮੂੰਹ ਤੋਂ
ਮੱਖੀ ਨਹੀਂ ਉੱਡਦੀ !
ਅੱਜ ਗੁਰੂਆਂ , ਪੀਰਾਂ ,ਫਕੀਰਾਂ
ਦੇ ਬਚਨ ਡਾਅਢੇ ਗਮਗੀਨ ਨੇ !
ਬੇਟਾ !
ਅਸੀਂ ਸਾਰੇ ਹੀ
ਤੇਰੇ ਗੁਨਾਹਗਾਰ ਹਾਂ
ਤੂੰ ਸਾਨੂੰ ਮੁਆਫ ਨਾ ਕਰੀਂ,
ਤੂੰ ਮੁਆਫ ਨਾ ਕਰੀਂ ਉਨਾਂ ਨੂੰ
ਜਿੰਨਾਂ ਤੈਨੂੰ ਆਪਣੀ ਰਾਜਨੀਤੀ ਦਾ
ਮੋਹਰਾ ਬਣਾ ਲਿਆ
ਤੇ ਦਾਗਦੇ ਰਹੇ ਇੱਕ ਦੂਜੇ ਤੇ
ਉੱਲਟੇ-ਸਿੱਧੇ ਬਿਆਨ !
ਮਹਿਲਾਂ ‘ਚ ਬੈਠੇ
ਕੱਠਪੁਤਲੀ ਰਾਜੇ
ਜੋ ਅਮਨ ਕਾਨੂੰਨ ਦੀ
ਸ਼ਤਰੰਜ ਖੇਡਦੇ ਰਹੇ
ਤੇ ਰਾਣੀਆਂ ਜੋ
ਆਪਣੇ ਮਹਿਲਾਂ ਦੇ
ਬਨੇਰੇ ਤੇ ਖੜ ਕੇ
ਵੇਖਦੀਆਂ ਰਹੀਆਂ
ਤੇਰੇ ਲਈ ਇਨਸਾਫ ਮੰਗਦੇ
ਲੋਕਾਂ ਤੇ ਹੁੰਦਾ ਲਾਠੀ-ਚਾਰਜ ,
ਸਭ ਤੇਰੇ ਗੁਨਾਹਗਾਰ ਨੇ !
ਦਾਮਿਨੀ !!
ਦਾਮਿਨੀ ਦਾ ਅਰਥ ਨੇ
ਆਸਮਾਨੀ ਬਿਜਲੀ ,
ਹੁਣ ਤੇਰੇ ਜਾਣ ਬਾਅਦ
ਦੇਸ਼ ਦੀਆਂ ਸਭ ਧੀਆਂ ਨੂੰ
ਖੁਦ ਜਿਉਣੇ ਪੈਣਗੇ
ਤੇਰੇ ਨਾਮ ਦੇ ਅਰਥ ,
ਤਾਂ ਕਿ ਰਾਖ ਕੀਤੇ ਜਾ ਸਕਣ
ਹਵਸ ਦੇ ਬਘਿਆੜ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਨਾ ਬੇਲੇ ਭਾਉਂਦੇ ਨੇ ,
ਨਾ ਧੇਲੇ ਭਾਉਂਦੇ ਨੇ,
ਨਾ ਡੇਰਾ ਮੱਲਦਾ ਏ ,
ਨਾ ਚੇਲੇ ਭਾਉਂਦੇ ਨੇ,
ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਥਲ ਵਿੱਚ ਵੀ ਜੀਅ ਲੈਂਦਾ,
ਕਦੇ ਸਾਗਰ ਪੀਅ ਲੈਂਦਾ ,
ਜਿੰਨੇ ਬਿਨ ਸਰਦਾ ਨਈਂ,
ਬੱਸ ਓਨਾ ਹੀ ਲੈਂਦਾ ,
ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਆਪਣੇ ਵਿੱਚ ਮਸਤ ਰਹੇ ,
ਕੁੱਝ ਅਸਤ- ਵਿਅਸਤ ਰਹੇ,
ਦਿਲ ਦਾ ਇਹ ਰਾਜਾ ਏ ,
ਭਾਵੇਂ ਤੰਗ-ਦਸਤ* ਰਹੇ ,
ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਕਿਸੇ ਅੱਗ ਵਿੱਚ ਸੜਿਆ ਏ,
ਜੋ ਏਨਾ ਰੜਿਆ ਏ ,
”ਗਿੱਲ” ਗਿਆਨੀ ਬਣ ਬੈਠਾ,
ਢਾਈ ਅੱਖਰ ਪੜਿਆ ਏ,
ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਸੂਰਜ
ਸੂਰਜ ਪੱਥ ਕੇ
ਬਨੇਰੇ ਤੇ ਰੱਖਣਾ
ਉਸਨੂੰ ਆਉਂਦਾ ਹੈ ,
ਚੰਨ ਨੂੰ ਧਲਿਆਰਾ ਪਾ
ਅੰਬਰ ਤੇ ਖੜਾ ਲੈਂਦੀ ਹੈ ,
ਉਸਦੀ ਪਾਟੀ ਚੁੰਨੀ ਦੇ
ਲੜ ਨਾਲ
ਬੰਨੀ ਹੁੰਦੀ ਹੈ ਪੌਣ ,
ਧੁੱਪ ਨੂੰ ਛਾਬੇ ‘ਚ ਪਾ
ਲੁਕਾ ਲੈਂਦੀ ਹੈ ,
ਜਿੰਨਾਂ ਚਿਰ
ਉਸਦੇ ਕੰਮ ਨਹੀਂ ਮੁੱਕਦੇ
ਵਕਤ ਦੀ ਕੀ ਮਜ਼ਾਲ ਹੈ
ਕਿ ਇੱਕ ਕਦਮ ਵੀ ਪੁੱਟੇ ,
ਘਰ ਦੀ ਸੁਆਣੀ ਹੈ ਨਾ
ਬ੍ਰਹਿਮੰਡ ਦੇ ਚੁੱਲੇ ਚੌਂਕੇ ‘ਚ ਵੀ
ਉਸਦੀ ਚਲਦੀ ਹੈ !
- 1
- 2