ਬੋਲੋ ਲੋਕ-ਤੰਤਰ ਕੀ ਸਦਾ ਹੀ ਜੈ !
ਜਿਸ ਸਮਾਜਿਕ , ਰਾਜਨੀਤਕ ਤਾਣੇ ਬਾਣੇ ‘ਚ ਅਸੀਂ ਅੱਜ ਜੀਅ ਰਹੇ ਹਾਂ ਇੱਥੇ ਬਹੁਤ ਸਾਰੇ ਸ਼ਬਦ ਆਪਣੇ ਅਰਥ ਬਦਲ ਰਹੇ ਹਨ ਤੇ ਬਹੁਤ ਸਾਰੇ ਸ਼ਬਦ ਨਿਰਾਰਥਕ ਹੋ ਰਹੇ ਹਨ ਜਿਵੇਂ ਕਿ ” ਦੇਸ਼ ਭਗਤੀ ” ਦਾ ਸ਼ਬਦ ਅੱਜ ਮੈਂਨੂੰ ਨਿਰਾਰਥਕ ਲਗਦਾ ਹੈ . ਸੋਚੋ ਜ਼ਰਾ ਕਿ ਤੁਸੀਂ ਅੱਜ ਕਿਸ ਭਾਵਨਾ ਨੂੰ ਦੇਸ਼ ਭਗਤੀ ਕਹੋਗੇ ? ਕਿਹੜਾ ਦੇਸ਼ ਤੇ ਕਿਹੜੀ ਭਗਤੀ ? ਸਾਡੇ ਵਰਗੇ ਲੋਕ ਜੇ ਦੇਸ਼ ਭਗਤ ਸਿੱਧ ਹੋਣਾ ਚਾਹੁਣਗੇ ਵੀ ਤਾਂ ਸਿਰਫ ਸਟੇਟ ਦੇ ਹੱਕ ‘ਚ ਹੀ ਭੁੱਗਤਣਗੇ. ਅੱਜ ਦੇਸ਼ ਭਗਤੀ ਦੇ ਜਜ਼ਬੇ ਨੂੰ ਪਾਲਣ ਵਾਲੇ ਆਪਣੀਆਂ ਸੇਵਾਵਾਂ ਅਸਿੱਧੇ ਜਾਂ ਸਿੱਧੇ ਰੂਪ ‘ਚ ਸਮੇਂ ਦੀ ਸਰਕਾਰ ਨੂੰ ਹੀ ਸਮਰਪਿਤ ਕਰ ਸਕਦੇ ਹਨ ਕਿਉਂਕਿ ਹਿੰਦੁਸਤਾਨ ਵਰਗੇ ਅਖੌਤੀ ਲੋਕਤੰਤਰ ਵਿੱਚ ਦੇਸ਼ ਦੇ ਸਾਰੇ ਹਿੱਤ ਦਰਅਸਲ ਸਮੇਂ ਦੀ ਸਰਕਾਰ ਦੇ ਹਿੱਤ ਹੁੰਦੇ ਹਨ. ਇਸੇ ਤਰਾਂ ਅੱਜ ਦੇ ਸਮੇਂ ‘ ਸੈਕੂਲਰ ‘ ਸ਼ਬਦ ਵੀ ਮੈਂਨੂੰ ਨਿਰਾਰਥਕ ਲਗਦਾ ਹੈ , ‘ ਸੈਕੂਲਰ ‘ ਭਾਵ ‘ ਧਰਮ ਨਿਰਪੱਖ ‘ ਹੋਣ ਦਾ ਅਰਥ ਹੈ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਤੋਂ ਗੁਰੇਜ਼ ਕਰਨਾ ਤੇ ਬਹੁ-ਗਿਣਤੀ ਦੀ ਹਰ ਜਾਇਜ਼ ਨਜਾਇਜ਼ ਗੱਲ ਦੇ ਹੱਕ ‘ਚ ਨਾ ਚਾਹ ਕੇ ਵੀ ਤਾੜੀਆਂ ਮਾਰਨਾ .ਜੇ ਕਿਤੇ ਘੱਟ-ਗਿਣਤੀਆਂ ਦੀ ਗੱਲ ਕੀਤੀ ਤਾਂ ਸਮੇਂ ਦੀਆਂ ‘ ਦੇਸ਼-ਭਗਤ ਤਾਕਤਾਂ ‘ ਤੁਹਾਨੂੰ ਉਸੇ ਵੇਲੇ ” ਕੱਟੜਪੰਥੀ ” ਐਲਾਨ ਦੇਣਗੀਆਂ , ਕਮਾਲ ਦੀ ਗੱਲ ਇਹ ਵੀ ਹੈ ਕਿ ਉਹ ‘ ਦੇਸ਼-ਭਗਤ ਤਾਕਤਾਂ ‘ ਖੁਦ ਵੀ ਇਹ ਨਹੀਂ ਸਮਝ ਸਕਣਗੀਆਂ ਕਿ ਉਹ ਅਸਲ ‘ਚ ਕਿਸ ਦੇ ਹੱਕ ‘ਚ ਭੁਗਤ ਰਹੀਆਂ ਹਨ . ਸਾਡੀਆਂ ਕਮਿਊਨਿਸਟ ਪਾਰਟੀਆਂ ਪਿਛਲੇ ਕਾਫੀ ਸਾਲਾਂ ਤੋਂ ਇਸ ਕਿਸਮ ਦੀ ‘ ਦੇਸ਼ ਭਗਤੀ ‘ ਦਾ ਸ਼ਿਕਾਰ ਹੋ ਰਹੀਆਂ ਹਨ .ਮੈਂ ਤਾਂ ਨਿਰਪੱਖ ਸ਼ਬਦ ਨੂੰ ਹੀ ਨਹੀਂ ਮੰਨਦਾ , ” ਨਿਰਪੱਖ ” ਕੋਈ ਨਹੀਂ ਹੁੰਦਾ , ਜੋ ਆਪਣੇ ਆਪ ਨੂੰ ‘ ਨਿਰਪੱਖ ‘ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਦਰਅਸਲ ਤਾਕਤਵਰ ਦੇ ਹੱਕ ‘ਚ ਹੁੰਦਾ ਹੈ , ਨਿਰਪੱਖ ਹੋਣ ਦਾ ਸਿਰਫ ਭਰਮ ਪਾਲਿਆ ਜਾ ਸਕਦਾ ਹੈ ਜਾਂ ਢੌਂਗ ਰਚਿਆ ਜਾ ਸਕਦਾ ਹੈ , ਯਥਾਰਥ ਦੀ ਧਰਾਤਲ ਤੇ ਆਪਣੇ ਆਪ ਨੂੰ ਦਲੀਲਾਤਮਕ ਢੰਗ ਨਾਲ ਨਿਰਪੱਖ ਸਿੱਧ ਨਹੀਂ ਕੀਤਾ ਜਾ ਸਕਦਾ . ਬਹੁਤ ਸਾਰੇ ਆਦਰਸ਼ਵਾਦੀ ਲੋਕ ‘ ਇਨਸਾਨੀਅਤ ‘ ਦੀ ਦੁਹਾਈ ਦਿੰਦੇ ਦਰਅਸਲ ਕਿੰਨਾਂ ਦੇ ਹੱਥਾਂ ‘ਚ ਖੇਡ ਜਾਂਦੇ ਹਨ ਇਹ ਉਨਾਂ ਨੂੰ ਖੁਦ ਵੀ ਪਤਾ ਨਹੀਂ ਲਗਦਾ , ਸਾਡੇ ਦੇਸ਼ ‘ਚ ਅਜਿਹੇ ਲੋਕਾਂ ਦੀ ਬਹੁਗਿਣਤੀ ਹੈ. ਚਾਹ ਦੀਆਂ ਚੁਸਕੀਆਂ ਲੈਂਦੇ , ਨੌਕਰੀ ਕਰਦੇ , ਬੱਚੇ ਪਾਲਦੇ , ਘਰੋਂ ਕੰਮ ਤੇ ਜਾਂਦੇ ਤੇ ਕੰਮ ਤੋਂ ਸਿੱਧੇ ਘਰ ਆਉਂਦੇ , ਥੋੜਾ ਜਿਹਾ ਟੀ. ਵੀ. ਵੇਖਦੇ , ਥੋੜਾ ਜਿਹਾ ਅਖਬਾਰ ਚੱਬਦੇ , ਦੋ ਚਾਰ ਪੰਨੇ ਕਿਤਾਬਾਂ ਦੇ ਖਾਂਦੇ , ਗੁਆਂਢੀ ਨਾਲ ” ਹਾਏ -ਬਾਏ ” ਕਰਦੇ ਇਹ ਲੋਕ ਹਰ ਗਲੀ ਮੁਹੱਲੇ ‘ਚ ਮਿਲਦੇ ਹਨ . ਦੇਸ਼ , ਰਾਜਨੀਤੀ , ਭ੍ਰਿਸ਼ਟਾਚਾਰ , ਮਹਿੰਗਾਈ , ਯੋਗਾ , ਰਾਮਦੇਵ , ਅੰਨਾ ਹਜ਼ਾਰੇ , ਕ੍ਰਿਕਟ , ਟੀ.ਵੀ. ਸੀਰੀਅਲ , ਸ਼ਾਪਿੰਗ -ਮਾੱਲ , ਬੱਚੇ , ਕੈਰੀਅਰ ਜਿਹੇ ਸ਼ਬਦਾਂ ਦੀ ਮੁਹਾਰਨੀ ਰੱਟਦੇ ਇਹ ਲੋਕ ਤੁਹਾਨੂੰ ਇਸ ਦੇਸ਼ ‘ਚ ਹਰ ਥਾਂ ਮਿਲ ਜਾਣਗੇ . ਇਸ ਮੱਧ-ਵਰਗ ਨੇ ਕਰਨਾ ਕਤਰਨਾ ਕੁੱਝ ਨਹੀਂ ਹੁੰਦਾ , ਸਿਰਫ ਆਪਣੀ ਹੀ ਧੁੰਨੀ ਦੁਆਲੇ ਘੁੰਮਣਾ ਹੁੰਦਾ ਹੈ ਪਰ ਇਹ ਲੋਕ ਬੋਲਦੇ ਬਹੁਤ ਨੇ , ਅੱਜ ਕੱਲ ਇਹ ਨਸਲ ” ਫੇਸਬੁੱਕ ” ਤੇ ਬਹੁਤ ਪਾਈ ਜਾਂਦੀ ਹੈ . ਕਿਸੇ ਵੇਲੇ ‘ ਸੋ ਕਾਲਡ ‘ ਕਾਮਰੇਡਾਂ ਨੇ ਵੀ ਇਹ ਕੰਮ ਜ਼ੋਰ ਸ਼ੋਰ ਨਾਲ ਕੀਤਾ , ਅਮਰੀਕਾ ਨੂੰ ਭੰਡਦੇ ਭੰਡਦੇ ਇਹ ‘ ਕਾਮਰੇਡ ‘ ਆਖਿਰ ਆਪ ਅਮਰੀਕਾ ‘ਚ ਹੀ ਜਾ ਕੇ ‘ ਸੈੱਟ ‘ ਹੋ ਗਏ. ਚੱਲੋ ਛੱਡੋ..ਇੰਨਾਂ ਦੀ ਕੀ ਗੱਲ ਕਰਨੀ ਹੈ … !
ਮੈਂ ਜਿਸ ਸਮਾਜਿਕ , ਰਾਜਨੀਤਕ ਤਾਣੇ-ਬਾਣੇ ਦੀ ਗੱਲ ਸ਼ੁਰੂ ‘ਚ ਕੀਤੀ ਸੀ , ਉਸ ਗੱਲ ਤੋਂ ਦੁਬਾਰਾ ਸ਼ੁਰੂ ਕਰਦੇ ਹਾਂ . ਇਸ ਦੇਸ਼ ਵਿੱਚ ਘੱਟ-ਗਿਣਤੀਆਂ ਬਾਰੇ ਗੱਲ ਕਰਨ ਵਾਲੇ ਨੂੰ ਜੇ ਦੇਸ਼ -ਵਿਰੋਧੀ ਸਮਝ ਲਿਆ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਇਹ ਦੇਸ਼ ਬਹੁ-ਗਿਣਤੀ ਧਰਮ ਵਾਲੇ ਤੇ ਉਨਾਂ ਦੀਆਂ ਏਜੰਸੀਆਂ ਚਲਾਉਂਦੀਆਂ ਹਨ , ਉਹ ਤਾਕਤਾਂ ਜੋ ਸਿੱਖਾਂ ਨੂੰ ਖੁਸ਼ ਕਰਨ ਲਈ “ਸਿੱਖ ਪ੍ਰਧਾਨ-ਮੰਤਰੀ ” ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ” ਮੁਸਲਮਾਨ ਰਾਸ਼ਟਰਪਤੀ ” ਨੂੰ ਉਦਾਹਰਣ ਵੱਜੋਂ ਖੜਾ ਕਰ ਕੇ ਰੱਖਦੀਆਂ ਹਨ ਪਰ ਅਮਲ ‘ਚ ਉਹ ਕਾਰਜ ਕਰਦੀਆਂ ਹਨ ਜੋ ਉਹ ਅਸਲ ‘ਚ ਕਰਨਾ ਚਾਹੁੰਦੀਆਂ ਹਨ , ਜੋ ਉਨਾਂ ਦਾ ਮਨੋਰਥ ਹੈ. ਸਾਰਾ ਤਾਣਾ-ਬਾਣਾ ਦਰਅਸਲ ਕਾਂਗਰਸ ਤੇ ਆਰ. ਐਸ. ਐਸ . ਦੇ ਵਿੱਚਕਾਰ ਹੀ ਬੁਣਿਆ ਹੋਇਆ ਹੈ , ਉਂਝ ਨਾਂਅ ਇਸ ਨੂੰ ਜੋ ਮਰਜ਼ੀ ਦੇ ਲਓ , ਇੱਕ ਪਾਸੇ ਮੌਕਾਪ੍ਰਸਤ ਸਰਮਾਏਦਾਰੀ ਹੈ ਦੂਜੇ ਪਾਸੇ ਰੂੜੀਵਾਦੀ ਹਿੰਦੂ-ਤੱਵ ਭਾਵ ਧਰਮ ਭਾਵ ਮਨੂੰਵਾਦੀ ਵਿਚਾਰਧਾਰਾ , ਇੱਕ ਗਾਂਧੀ ਨੂੰ ”ਮਹਾਤਮਾ ” ਕਹਿਣ ਵਾਲੇ ਤੇ ਦੂਜੇ ਪਾਸੇ ਉਸਦਾ ਵੀ ਵਿਰੋਧ ਕਰਨ ਵਾਲੇ . ਇੰਨਾਂ ਦੋਨਾਂ ਤਾਕਤਾਂ ‘ਚ ਮੁੱਖ ਰੂਪ ‘ਚ ਹਿੰਦੂ ਕੇਂਦਰ ‘ਚ ਹਨ , ਕੁੱਝ ‘ ਸੈਕੂਲਰ ‘ ਮੁਸਲਮਾਨ ਅਤੇ ‘ ਸੈਕੂਲਰ ‘ ਸਿੱਖ ਤੇ ਬਾਕੀ ਲੋਕਾਂ ਦੀ ਥਾਂ ਬਾਅਦ ‘ਚ ਆਉਂਦੀ ਹੈ , ਇੱਕ ਧਿਰ ਦਲਿਤਾਂ ਨੂੰ ਹੋਰ ਤਰੀਕੇ ਨਾਲ ਇਸਤੇਮਾਲ ਕਰਦੀ ਹੈ ਤੇ ਦੂਜੀ ਹੋਰ ਤਰੀਕੇ ਨਾਲ , ਜਿੱਥੇ ਸਵਾਲ ਦਲਿੱਤਾਂ ਦਾ ਆ ਜਾਂਦਾ ਹੈ ਉੱਥੇ ਧਰਮ ਪਿੱਛੇ ਰਹਿ ਜਾਂਦਾ ਹੈ , ਇਸ ਦੇਸ਼ ‘ਚ ਜਾਤੀਵਾਦ ਦੀ ਜਕੜ ਅੱਜ ਵੀ ਧਰਮ ਨਾਲੋਂ ਸ਼ਕਤੀਸ਼ਾਲੀ ਹੈ , ਇਹ ਗੱਲ ਖਾਸ ਧਿਆਨ ਦੀ ਮੰਗ ਕਰਦੀ ਹੈ ਕਿ ਅਜਿਹਾ ਕਿਉਂ ਹੈ ? ਇਸ ਗੱਲ ਨੂੰ ਸਮਝ ਕੇ ਹੀ ਇਸ ਦੇਸ਼ ਦੇ ਸਮਾਜਿਕ , ਰਾਜਨੀਤਕ ਤਾਣੇ-ਬਾਣੇ ਦੀ ਬਣਤਰ ਦੇ ਅਧਾਰ ਨੂੰ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ .ਕਾਂਗਰਸ ਸਿੱਖਾਂ ਤੇ ਮੁਸਲਮਾਨਾਂ ਨੂੰ ਵਰਗਲਾ ਕੇ ਨਾਲ ਰੱਖਦੀ ਹੈ ਤੇ ਸੰਘ ਡਰਾ ਕੇ , ਕਈ ਵਾਰ ਇਸਦੇ ਉਲਟ ਵੀ ਹੋਇਆ ਹੈ , ਗੁਜ਼ਰਾਤ ਦਾ ਗੋਧਰਾ ਕਾਂਡ ਤੇ ਚੁਰਾਸੀ ਦਾ ਸਿੱਖ ਵਿਰੋਧੀ ਕਤਲੇਆਮ ਇਸ ਦੀਆਂ ਵੱਡੀਆਂ ਉਦਾਹਰਣਾਂ ਹਨ. ਇਸਦਾ ਅਰਥ ਇਹ ਹੈ ਕਿ ਇਸ ਦੇਸ਼ ‘ਚ ਘੱਟ-ਗਿਣਤੀ ਮਰੇ ਹੀ ਮਰੇ , ਚਾਹੇ ਕਿਵੇਂ ਮਰੇ , ਮਰਨਾ ਯਕੀਨਨ ਹੈ , ਕਿੰਨੀ ਹਾਸੋਹੀਣੀ ਗੱਲ ਹੈ ਕਿ ਇਸ ਦੇਸ਼ ‘ਚ ਘੱਟ-ਗਣਤੀ ਕਮੀਸ਼ਨ ਵੀ ਹੈ ! ਅਜਿਹੇ ਦੇਸ਼ ‘ਚ ਚੁਰਾਸੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੀ ਆਸ ਕਰਨੀ ਉਨੀਂ ਹੀ ਵੱਡੀ ਮੂਰਖਤਾ ਹੋ ਨਿਬੜੇਗੀ ਜਿੰਨੀ ਵੱਡੀ ਮੂਰਖਤਾ ਮੋਦੀ ਦੇ ਇਸ ਬਿਆਨ ‘ਚ ਸੁਹਿਰਦਤਾ ਲੱਭਣ ਵਾਲੇ ਪਾਲ ਰਹੇ ਹਨ ਕਿ ਜੇ ਮੈਂ ਗੁਜ਼ਰਾਤ ਦੰਗਿਆਂ ਦਾ ਦੋਸ਼ੀ ਹਾਂ ਤਾਂ ਮੈਂਨੂੰ ਫਾਂਸੀ ਤੇ ਲਟਕਾ ਦਿਓ !
ਇਸ ਸਾਲ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਨੂੰ ਅਠਾਈ ਸਾਲ ਹੋ ਰਹੇ ਹਨ , ਦੇਸ਼ ਦਾ ਕੇਂਦਰੀ ਮੰਤਰੀ ਸਭ-ਕੁੱਝ ਭੁੱਲ ਜਾਣ ਨੂੰ ਕਹਿੰਦਾ ਹੈ , ਕਾਂਗਰਸ ਦਿੱਲੀ ਦੇ ਸਿੱਖਾਂ ਨੂੰ ਭਾਈਵਾਲ ਬਣਾ ਕੇ ਇਨਸਾਫ ਦੀ ਮੰਗ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ . ਦੇਸ਼ ਵਿਦੇਸ਼ ‘ਚ ਬੈਠੇ ਸਿੱਖ ਅੱਜ ਵੀ ਹਾਲ ਦੁਹਾਈ ਪਾ ਰਹੇ ਹਨ ਪਰ ਇਨਸਾਫ …ਇਨਸਾਫ ਤਾਂ ਕਦੋਂ ਦਾ ਦਮ ਤੋੜ ਚੁੱਕਾ ਹੈ , ਇਨਸਾਫ ‘ਚ ਦੇਰੀ ਬੇਇੰਨਸਾਫੀ ਹੀ ਹੁੰਦੀ ਹੈ ਸੋ ਉਹ ਸ਼ਰੇਆਮ ਹੋ ਰਹੀ ਹੈ . ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਸਿਰਫ ਕਾਂਗਰਸ ਦਾ ਵਿਰੋਧ ਕਰਨ ਲਈ ਇਸਤੇਮਾਲ ਕਰ ਰਹੀ ਹੈ , ਪੰਜਾਬ ਦੀ ਹੁਕਮਰਾਨ ਅਕਾਲੀ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਾਲ ਮੌਕਾਪ੍ਰਸਤ ਭਿਆਲੀ ਤੇ ਵੀ ਵੱਖਰੇ ਤੌਰ ਤੇ ਲੰਬੀ ਚੌੜੀ ਗੱਲ ਹੋ ਸਕਦੀ ਹੈ ਪਰ ਸਭ ਤੋਂ ਦੁੱਖਦਾਇਕ ਗੱਲ ਇਹ ਹੈ ਕਿ ਤੁਸੀਂ ਇਸ ਵਿਰੁੱਧ ਅਵਾਜ਼ ਉਠਾਉਣ ਵੇਲੇ ਇੱਕ ਪਲ ‘ਚ ” ਕੱਟੜਪੰਥੀ ” ਅਤੇ “ਦੇਸ਼-ਧਰੋਹੀ ” ਐਲਾਨੇ ਜਾ ਸਕਦੇ ਹੋ , ਇੱਥੇ ਇਹ ਵੀ ਵਰਨਣਯੋਗ ਹੈ ਕਿ ਤੁਹਾਨੂੰ ਇਹ ਫਤਵਾ ਦੇਣ ਵਾਲੇ ਵੀ ਕਹਿਣ ਨੂੰ ਸਰਕਾਰ-ਪੱਖੀ ਨਹੀਂ ਹੋਣਗੇ ਪਰ ਉਹ ਕੰਮ ਸਰਕਾਰ ਦਾ ਹੀ ਕਰ ਰਹੇ ਹੋਣਗੇ ਤੇ ਉਹ ਵੀ ਬਿਨਾਂ ਕਹੇ ਤੇ ਸਰਕਾਰ ਦੀਆਂ ਏਜੰਸੀਆਂ ਤੋਂ ਪਹਿਲਾਂ ! ਇਸ ਨਾਲ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਟੇਟ ਕਿਸ ਕਿਸ ਤਰਾਂ ਦੇ ਗੁਰਗੇ ਪਾਲ ਕੇ ਰੱਖਦੀ ਹੈ , ਤੁਹਾਡਾ ਨਿਸ਼ਾਨਾ ਸਾਹਮਣੇ ਦੁਸ਼ਮਣ ਵੱਲ ਸਿੱਧਾ ਹੁੰਦਾ ਹੈ ਪਰ ਤੁਹਾਡੀ ਵੱਖੀ ‘ਚ ਤੀਰ ਸੱਜਿਓਂ ਜਾਂ ਖੱਬਿਓਂ ਵੱਜਦਾ ਹੈ.
ਘੱਟ-ਗਿਣਤੀਆਂ ਨੂੰ ਅਹਿਸਾਸ-ਏ-ਕਮਤਰੀ ਦੇਣ ਲਈ ਬਹੁ-ਗਿਣਤੀ ਕੋਲ ਬਹੁਤ ਸਾਰੇ ਸਾਧਨ ਹਨ , ਜਿੰਨਾਂ ‘ਚ ਫਿਲਮਾਂ , ਪ੍ਰੈਸ , ਸਾਹਿਤ , ਟੀ.ਵੀ. , ਨੈੱਟ ਆਦਿ ਪ੍ਰਮੁੱਖ ਹਨ . ਪਿਛਲੇ ਦਿਨੀਂ ਪੰਜਾਬ ਦੇ ਜੰਮ-ਪਲ ਸਿੱਖ ਬਜ਼ੁਰਗ ਸੌ ਸਾਲ ਦੀ ਉਮਰ ਦੇ ਦੌੜਾਕ ਬਾਬਾ ਫੌਜਾ ਸਿੰਘ ਦਾ ਇੱਕ ਟੀ.ਵੀ. ਕਾਮੇਡੀ ਸ਼ੋਅ ‘ਚ ਬਹੁਤ ਹੀ ਭੱਦਾ ਮਜ਼ਾਕ ਉਡਾਇਆ ਗਿਆ , ਜਿਸ ਨਾਲ ਪੂਰੀ ਦੁਨੀਆ ‘ਚ ਬੈਠੇ ਸਿੱਖ ਭਾਈਚਾਰੇ ‘ਚ ਰੋਸ ਦੀ ਲਹਿਰ ਦੌੜ ਗਈ ਪਰ ਅਫਸੋਸ ਹਿੰਦੁਸਤਾਨ ਦੀ ਕਿਸੇ ਵੀ ਮੋਹਰੀ ਸਿੱਖ ਜਥੇਬੰਦੀ ਨੇ ਇਹ ਮਾਮਲਾ ਗੰਭੀਰਤਾ ਨਾਲ ਨਹੀਂ ਲਿਆ , ਆਖਿਰ ਮੈਂਨੂੰ ਉਸ ਚੈਨਲ , ਐਂਕਰ , ਐਕਟਰ ਅਤੇ ਡਾਇਰੈਕਟਰ ਦੇ ਖਿਲਾਫ ਬਠਿੰਡਾ ਦੀ ਅਦਾਲਤ ‘ਚ ਕੇਸ ਕਰਨਾ ਪਿਆ , ਗੱਲ ਫੌਜਾ ਸਿੰਘ ਦੇ ਸਿੱਖ ਹੋਣ ਦੀ ਨਹੀਂ , ਨਾ ਮੇਰੇ ਸਿੱਖ ਹੋਣ ਦੀ ਹੀ ਹੈ , ਗੱਲ ਇੱਕ ਸੌ ਇੱਕ ਸਾਲ ਦੇ ਮਾਣਯੋਗ ਬਜ਼ੁਰਗ ਦੀ ਬੇਇੱਜ਼ਤੀ ਕਰਨ ਦੀ ਹੈ ਜੋ ਇਸ ਉਮਰ ‘ਚ ਸਾਰੇ ਦੇਸ਼ ਦਾ ਮਾਣ ਵਧਾ ਰਿਹਾ ਹੈ , ਜੋ ਇਸ ਵੇਰ ਲੰਡਨ ਉਲਿੰਪਕ ‘ਚ ਵੀ ਮਸ਼ਾਲ ਫੜ ਕੇ ਦੌੜਿਆ , ਇਹ ਗੱਲ ਵੱਖਰੀ ਹੈ ਕਿ ਇਸ ਦੇਸ਼ ਦੇ ਮੀਡੀਆ ਨੇ ਖਬਰ ਸਿਰਫ ਅਮਿਤਾਭ ਬੱਚਨ ਦੇ ਉਲਿੰਪਕ ਮਸ਼ਾਲ ਫੜ ਕੇ ਦੌੜਨ ਦੀ ਹੀ ਹਾਈ-ਲਾਇਟ ਕੀਤੀ .ਇਸ ਘਟਨਾ ਦੇ ਸਬੰਧ ‘ਚ ਮੇਰੀ ਸਾਰੀ ਦੁਨੀਆਂ ‘ਚ ਬੈਠੇ ਸਿੱਖ ਭਾਈਚਾਰੇ ਨਾਲ ਗੱਲ ਹੋਈ , ਗੈਰ ਸਿੱਖ ਚਿੰਤਕਾਂ ਨਾਲ ਵੀ ਗੱਲ ਹੋਈ ਸਭ ਨੇ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਪਰ ਅਫਸੋਸ ਮੈਂ ਜਿੰਨਾਂ ਲੋਕਾਂ ‘ਚ ਰਹਿ ਰਿਹਾ ਹਾਂ ਉਹ ਉਕਤ ਕਿਸਮ ਦੀ ‘ ਧਰਮ-ਨਿਰਪੱਖਤਾ ‘ ਹੰਢਾ ਰਹੇ ਹਨ ਇਸ ਲਈ ਉਨਾਂ ਨੂੰ ਮੇਰਾ ਇਹ ਕਾਰਜ ਕਾਫੀ ਹੱਦ ਤੀਕ “ਧਰਮ-ਪ੍ਰੇਰਿਤ” ਵੀ ਲੱਗਿਆ ਹੋਵੇਗਾ ਜਿਵੇਂ ਉਨਾਂ ਚੋਂ ਬਹੁਤਿਆਂ ਨੂੰ ਮੇਰਾ ਸਿੱਖੀ ਸਰੂਪ ‘ਚ ਵਾਪਿਸ ਆਉਣਾ ਜਾਂ ਨਾਮ ਨਾਲ ” ਸਿੰਘ ” ਲਿਖਣਾ ਲੱਗ ਰਿਹਾ ਹੈ , ਮੈਨੂੰ ਇੰਨਾਂ ਲੋਕਾਂ ਦੇ ” ਆਦਰਸ਼ਵਾਦ ” ਤੇ ਹਾਸਾ ਆਉਂਦਾ ਹੈ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਅਚੇਤ ਰੂਪ ‘ਚ ਕਿਸ ਦੇ ਹੱਕ ‘ਚ ਭੁਗਤ ਰਹੇ ਹਨ ! ਇੱਕ ਸੱਜਣ ਮੈਨੂੰ ਕਹਿੰਦਾ ਕਿ ਫੌਜਾ ਸਿੰਘ ਵਾਲਾ ਮਸਲਾ ਬਹੁਤ ਸੰਵੇਦਨਸ਼ੀਲ ਹੈ ਇਸ ਨੂੰ ਸਿੱਖੀ ਦੀ ਪੁੱਠ ਨਾ ਦਿਓ ਸਗੋਂ ਇਨਸਾਨੀਅਤ ਦੇ ਦਾਇਰੇ ‘ਚ ਰੱਖ ਕੇ ਵਿਚਾਰੋ , ਮੈਂ ਕਿਹਾ ਵਿਚਾਰੋ ਭਾਅ ਜੀ , ਪਰ ਉਹ ਇਸ ਤੋਂ ਵੀ ਭੱਜ ਗਿਆ ! ਮਤਲਬ ਗੱਲਾਂ ਕਰੋ , ਅਮਲੀ ਰੂਪ ‘ਚ ਕੁੱਝ ਨਾ ਕਰੋ ਨਾ ਕਰਨ ਨੂੰ ਕਹੋ ! ਅਜਿਹੇ ਗਾਲੜ-ਪਟਵਾਰੀ ਟਾਇਪ ਲੋਕਾਂ ਦਾ ਜ਼ਿਕਰ ਮੈਂ ਸ਼ੁਰੂ ‘ਚ ਕਰ ਚੁੱਕਾ ਹਾਂ ! ਵੈਸੇ ਇਸ ਦੇਸ਼ ‘ਚ ਜਿਸ ਸਿੱਖ ਦਾ ਸਭ ਤੋਂ ਵੱਧ ਮਜ਼ਾਕ ਉਡਾਇਆ ਜਾਂਦਾ ਹੈ ਉਹ ਹੈ ਪ੍ਰਧਾਨ-ਮੰਤਰੀ ਮਨਮੋਹਨ ਸਿੰਘ , ਭਾਰਤੀ ਜਨਤਾ ਪਾਰਟੀ ਟਾਇਪ ਤਾਕਤਾਂ ਉਸ ਨੂੰ ” ਦੇਸ਼ ਦਾ ਸਭ ਤੋਂ ਕਮਜ਼ੋਰ ਪ੍ਰਧਾਨ-ਮੰਤਰੀ ” ਕਹਿੰਦੀਆਂ ਹਨ , ਉਸ ਤੇ ਲਤੀਫੇਬਾਜ਼ੀ ਕੀਤੀ ਜਾਂਦੀ ਹੈ , ਉਸਦੇ ਕਾਰਟੂਨ ਬਣਾਏ ਜਾਂਦੇ ਹਨ , ਉਸ ਬਾਰੇ ਅਖੌਤਾਂ ਮਸ਼ਹੂਰ ਹੋ ਗਈਆਂ ਹਨ , ਪਰ ਮਨਮੋਹਨ ਸਿੰਘ ਦਾ ਪ੍ਰਧਾਨਮੰਤਰੀ ਹੋਣਾ ਤੇ ਉਹ ਵੀ ਕਾਂਗਰਸ ਦਾ ਹੋਣਾ , ਉਸਨੂੰ ਆਮ ਸਿੱਖ ਨਾਲੋਂ ਕੱਟ ਦਿੰਦਾ ਹੈ , ਇੱਥੇ ਗੱਲ ਸਮਝਣ ਵਾਲੀ ਹੈ ਕਿ ਇੱਕ ਆਮ ਸਿੱਖ ਲਈ ਫੌਜਾ ਸਿੰਘ ਕੀ ਹੈ ਤੇ ਮਨਮੋਹਨ ਸਿੰਘ ਕੀ ਹੈ ! ਰਾਜਨੀਤੀ ਆਮ ਮਨੁੱਖ ਨੂੰ ਜੇ ਤੰਗ ਕਰਦੀ ਹੈ ਤਾਂ ਆਮ ਮਨੁੱਖ ਵੀ ਰਾਜਨੀਤੀ ਤੋਂ ਆਪਣੇ ਹੀ ਢੰਗ ਨਾਲ ਬਦਲੇ ਲੈਂਦਾ ਹੈ , ਮਨਮੋਹਨ ਸਿੰਘ ਦੇ ਮਾਮਲੇ ‘ਚ ਇਹੋ ਕੁੱਝ ਹੋਇਆ ਹੈ ! ਵੈਸੇ ਇੱਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਇਸ ਦੇਸ਼ ‘ਚ ਬਾਲ ਠਾਕਰੇ ਤੇ ਲਤੀਫੇਬਾਜ਼ੀ ਨਹੀਂ ਕੀਤੀ ਜਾਂਦੀ ਉਸਦੇ ਅਖਬਾਰੀ ਬਿਆਨ ਬੇਸ਼ੱਕ ਕਿੰਨੇ ਵੀ ਹਾਸੋਹੀਣੇ ਕਿਉਂ ਨਾ ਹੋਣ , ਜੋਕਰ ਬਣਾ ਕੇ ਸਿਰਫ ਸਿੱਖਾਂ ਤੇ ਪਾਰਸੀਆਂ ਨੂੰ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਖਲਨਾਇਕ ਬਣਾ ਕੇ ਮੁਸਲਮਾਨਾਂ ਨੂੰ !
ਦੁਨੀਆਂ ਭਰ ਦੇ ਸਿੱਖਾਂ ਦੀ ਹਿੰਦੁਸਤਾਨ ( ਜਿਸਨੂੰ ਨੈੱਟ ਤੇ ਬਾਹਰਲੇ ਦੇਸ਼ਾਂ ‘ਚ ਬੈਠੇ ਸਿੱਖ ” ਹਿੰਦੂ-ਸ਼ੈਤਾਨ ” ਲਿਖਣ ਲੱਗ ਪਏ ਹਨ ) ਬਾਰੇ ਰਾਇ ਪਿਛਲੇ ਦਿਨੀਂ ਵਾਪਰੀ ਇੱਕ ਘਟਨਾ ਤੋਂ ਹੋਰ ਵੀ ਖੁੱਲ ਕੇ ਸਾਹਮਣੇ ਆਈ ਹੈ , ਇਹ ਘਟਨਾ ਹੈ ਅਮਰੀਕਾ ਦੇ ਇੱਕ ਗੁਰੂਦੁਆਰੇ ਵਿੱਚ ਹੋਈ ਗੋਲੀਬਾਰੀ ਦੀ , ਇਸ ਘਟਨਾ ‘ਚ ਅਮਰੀਕਾ ‘ਚ ਵੱਸਦੇ ਕੁੱਝ ਸਿੱਖਾਂ ਦੀ ਮੌਤ ਹੋ ਗਈ ਸੀ ਪਰ ਅਮਰੀਕਾ ਦੀ ਸਰਕਾਰ ਤੇ ਪੁਲਿਸ ਨੇ ਉੱਥੋਂ ਦੇ ਸਿੱਖਾਂ ਦਾ ਦਿਲ ਜਿੱਤ ਲਿਆ , ਬਰਾਕ ਓਬਾਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਿੱਖ ਸਾਡੇ ਪਰਿਵਾਰ ਦਾ ਅੰਗ ਹਨ , ਅਮਰੀਕਨ ਮੰਤਰੀ ਸੰਬਧਿਤ ਗੁਰੂਦੁਆਰੇ ਆ ਕੇ ਰੋ ਪਿਆ , ਅਮਰੀਕਨ ਲੋਕਾਂ ਨੇ ਜਿਸ ਤਰਾਂ ਸਿੱਖਾਂ ਦਾ ਦਰਦ ਵੰਡਾਇਆ ਉਸਦੀ ਮਿਸਾਲ ਹਿੰਦੁਸਤਾਨ ‘ਚ ਵੀ ਨਹੀਂ ਮਿਲ ਸਕਦੀ , ਅਮਰੀਕਨ ਸਰਕਾਰ ਦੇ ਹੁਕਮਾਂ ਅਨੁਸਾਰ ਸਭ ਸਰਕਾਰੀ ਇਮਾਰਤਾਂ ਤੇ ਅਮਰੀਕਨ ਝੰਡੇ ਅੱਧੇ ਝੁਕਾਅ ਦਿੱਤੇ ਗਏ , ਇੰਨਾਂ ਹੀ ਨਹੀਂ ਅਮਰੀਕਨ ਸਰਕਾਰ ਨੇ ਇਹ ਹੁਕਮ ਵੀ ਜਾਰੀ ਕੀਤਾ ਕਿ ਸਥਾਨਕ ਪੁਲਿਸ ਵਿੱਚ ਪੱਗੜੀਧਾਰੀ ਸਿੱਖਾਂ ਨੂੰ ਭਰਤੀ ਕੀਤਾ ਜਾਵੇਗਾ . ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੇ ਇਸ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ ਪਰ ਇਸਦੇ ਉਲਟ ਦਿੱਲੀ ‘ਚ ਜਦ ਕੁੱਝ ‘ ਸਿੱਖ-ਰੂਪੀ ‘ ਲੋਕਾਂ ਨੇ ਇਸ ਘਟਨਾ ਤੇ ਝੂਠਾ-ਮੂਠਾ ਦਿਖਾਵਟੀ ਰੋਸ ਜਿਤਾਉਣ ਲਈ ਅਮਰੀਕਾ ਦਾ ਝੰਡਾ ਸਾੜ ਕੇ ਉਸ ਵਿਰੁੱਧ ਨਾਹਰੇ ਲਾਏ ਤਾਂ ਦੁਨੀਆਂ ਭਰ ਦੇ ਸਿੱਖਾਂ ਨੇ ਉਨਾਂ ਲੋਕਾਂ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਸਾਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ , ਅਮਰੀਕਾ ਦੇ ਸਿੱਖਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਮਰੀਕਾ ਸਾਡਾ ਦੇਸ਼ ਹੈ ਤੁਸੀਂ ਕੌਣ ਹੁੰਦੇ ਹੋ ਸਾਡੇ ਦੇਸ਼ ਦਾ ਝੰਡਾ ਫੂਕਣ ਵਾਲੇ ! ਅੰਤਰ-ਰਾਸ਼ਟਰੀ ਮੀਡੀਆ ‘ਚ ਇਸ ਹਰਕਤ ਨਾਲ ਹਿੰਦੁਸਤਾਨ ਦਾ ਤੇ ਉਨਾਂ ‘ ਸਿੱਖ-ਰੂਪੀ ‘ ਲੋਕਾਂ ਦਾ ਕੀ ਅਕਸ ਬਣਿਆ ਇਹ ਤੁਸੀਂ ਖੁਦ ਸਮਝ ਸਕਦੇ ਹੋ , ਕਹਿੰਦੇ ਨੇ ਉਹ ‘ ਸਿੱਖ -ਰੂਪੀ ‘ ਲੋਕ ਆਰ. ਐਸ. ਐਸ. ਦੇ ਬੰਦੇ ਸਨ , ਉਨਾਂ ਨੂੰ ਸਿਰਫ ਧੂਤੂ ਬਣਾ ਕੇ ਵਰਤਿਆ ਜਾਂਦਾ ਹੈ ਸਿਰਫ ਆਪਣੀ ਮਨਮਰਜ਼ੀ ਦੇ ਬਿਆਨ ਦਿਵਾਉਣ ਲਈ . ਵੱਖ ਵੱਖ ਤਾਕਤਾਂ ਦੇ ਹੱਥ ਚੜ ਕੇ ਆਪਣਿਆਂ ਦੇ ਖਿਲਾਫ ਲੜਨ , ਆਪਣਿਆਂ ਦੇ ਖਿਲਾਫ ਗੱਦਾਰੀ ਕਰਨ ‘ਚ ਵੀ ਸਿੱਖਾਂ ਦਾ ਕੋਈ ਸਾਨੀ ਨਹੀਂ , ਇਤਿਹਾਸ ਫਰੋਲ ਲਓ ਕੁਰਬਾਨੀਆਂ ਤੇ ਗੱਦਾਰੀਆਂ ਨਾਲੋ ਨਾਲ ਚੱਲਦੀਆਂ ਮਿਲਣਗੀਆਂ . ਜੇ ਕਿਤੇ ਇੰਨਾਂ ‘ਚ ਏਕਾ ਹੁੰਦਾ ਤਾਂ ਇੰਨਾ ਦਾ ਇਤਿਹਾਸ , ਵਰਤਮਾਨ ਤੇ ਭਵਿੱਖ ਹੋਰ ਹੋਣਾ ਸੀ .
ਆਪਣੀ ਪਛਾਣ ਲਈ ਲੜਦੇ ਲੋਕਾਂ , ਆਪਣੇ ਧਰਮ , ਆਪਣੇ ਵਿਰਸੇ ਲਈ ਚਿੰਤਾਤੁਰ ਕੌਮਾਂ ਤੋਂ ਹਿੰਦੁਸਤਾਨ ਡਰਦਾ ਕਿਉਂ ਹੈ ? ਇਸਦੀ ਬਹੁ-ਗਿਣਤੀ ਜੋ ‘ਸੈਕੂਲਰ’ ਹੋਣ ਦਾ ਢੌਂਗ ਕਰਦੀ ਹੈ ਅਸਲ ਵਿੱਚ ਕੀ ਹੈ ? ਕੀ ਹਿੰਦੁਸਤਾਨ ਭਾਰਤ ਬਣ ਪਾਵੇਗਾ ? ਕੀ ਘੱਟ-ਗਿਣਤੀਆਂ ਦਾ ਦਿਲ ਲਾਰਿਆਂ ਨਾਲ ਜਿੱਤਣ ਦੀਆਂ ਹੀ ਕੋਸ਼ਿਸ਼ਾਂ ਹੁੰਦੀਆਂ ਰਹਿਣਗੀਆਂ ਜਾਂ ਚਾਰੇ ਲੜ ਦੱਬੀ ਬੈਠੀ ਬਹੁ-ਗਿਣਤੀ ਆਪਣਾ ਪਾਸਾ ਪਰਤਣ ਲਈ ਵੀ ਤਿਆਰ ਹੋਵੇਗੀ ? ਸਵਾਲ ਬਹੁਤ ਸਾਰੇ ਹਨ ਪਰ ਸਾਨੂੰ ਤਾਂ ਸਵਾਲ ਕਰਨ ਦੀ ਵੀ ਅਜ਼ਾਦੀ ਨਹੀਂ ! ਪਿਛਲੇ ਦਿਨੀਂ ਪੱਛਮੀ ਬੰਗਾਲ ਦੀ ਮੁੱਖ-ਮੰਤਰੀ ਨੇ ਇੱਕ ਸਵਾਲ ਕਰਨ ਵਾਲੇ ਕਿਸਾਨ ਨੂੰ ਹੀ ” ਨਕਸਲੀ ” ਗਰਦਾਨ ਕੇ ਜੇਲ ‘ਚ ਸੁੱਟ ਦਿੱਤਾ ਹੈ ਕਹਿੰਦੇ ਨੇ ਉਸ ਤੇ ਕਈ ਧਾਰਾਵਾਂ ਲਗਾ ਕੇ ਮੁਕੱਦਮੇ ਚਲਾਏ ਜਾਣਗੇ , ਬੋਲੋ ਲੋਕ-ਤੰਤਰ ਕੀ ਸਦਾ ਹੀ ਜੈ !
About the author
“ਸੁੱਤਾ ਨਾਗ” ਕਿਉਂ ਬਣਾਈ ਮੈਂ – ਅਮਰਦੀਪ ਸਿੰਘ ਗਿੱਲ
ਫਿਲਮਾਂ , ਸੰਗੀਤ , ਰੰਗਮੰਚ ਅਤੇ ਸਾਹਿਤ ਦਾ ਮੈਂ ਬਚਪਨ ਤੋਂ ਹੀ ਵਿਦਿਆਰਥੀ ਹਾਂ । ਬਾਪੂ ਜਿਵੇਂ ਕਿਤਾਬਾਂ ਪੜਨ ਬਾਰੇ ਦੱਸਦਾ ਹੁੰਦਾ ਸੀ ਉਵੇਂ ਹੀ “ ਦੋ ਬੀਘਾ ਜ਼ਮੀਨ” , “ਪਵਿੱਤਰ ਪਾਪੀ” ਅਤੇ “ਦੇਵਦਾਸ” ਵਰਗੀਆਂ ਫਿਲਮਾਂ ਬਾਰੇ , ਇੱਕ ਵਾਰ ਜਦ ਮੈਂ ਤੇ ਬਾਪੂ ਨੇ “ ਸ਼ੋਅਲੇ” ਫਿਲਮ ਇਕੱਠਿਆਂ ਵੇਖੀ ਤਾਂ ਮੈਂ ਫਿਲਮ ਮੁੱਕਣ ਤੇ ਬਾਪੂ ਨੂੰ ਪੁੱਛਿਆ ਕਿ ਇਹ ਫਿਲਮ ਕੌਣ ਬਣਾਉਂਦਾ ਹੈ ? ਤਾਂ ਬਾਪੂ ਨੇ ਦੱਸਿਆ ਕਿ ਫਿਲਮ ਡਾਇਰੈਕਟਰ ਬਣਾਉਂਦਾ ਹੈ , ਸਟੋਰੀ ਸਕਰੀਨਪਲੇਅ ਰਾਈਟਰ ਲਿਖਦਾ ਹੈ , “ ਆਹ ਵੇਖ ਸਲੀਮ ਜਾਵੇਦ…ਇਹ ਇਸ ਫਿਲਮ ਦੇ ਲੇਖਕ ਨੇ..ਆਹ ਜਾਵੇਦ ਕਾਮਰੇਡ ਜਾਨੀਂਸਾਰ ਅਖਤਰ ਦਾ ਮੁੰਡਾ ਹੈ.. !” ਬਾਪੂ ਨੇ ਫਿਲਮ ਦੇ ਪੋਸਟਰ ਤੇ ਉਂਗਲ ਫੇਰਦਿਆਂ ਜਾਵੇਦ ਅਖਤਰ ਨਾਲ ਆਪਣੀ ਭਾਵੁਕ ਸਾਂਝ ਵੀ ਦਰਸਾਈ ਸੀ , ਮੈਨੂੰ ਯਾਦ ਹੈ ਇਹ ਗੱਲ ਉਨੀਂ ਸੌ ਪੰਝਤਰ ਦੀ ਹੈ , ਮੈਂ ਉਦੋਂ ਸਿਰਫ ਸੱਤ ਸਾਲ ਦਾ ਸੀ । ਇਹ ਸਿਨੇਮਾ ਨਾਲ ਮੇਰੀ ਪਹਿਲੀ ਜਾਣ – ਪਛਾਣ ਸੀ । ਮੈਂ ਉਸ ਦਿਨ ਹੀ ਇਹ ਸੋਚ ਲਿਆ ਸੀ ਕਿ ਇੱਕ ਦਿਨ ਫਿਲਮ ਲੇਖਕ ਤੇ ਨਿਰਦੇਸ਼ਕ ਬਣਨਾ ਹੈ ਪਰ ਇਸ ਖੇਤਰ ‘ਚ ਸ਼ੰਘਰਸ਼ ਕਰਦਿਆਂ ਐਨੈ ਸਾਲ ਬੀਤ ਗਏ , ਮੇਰੀ ਥੋੜੀ ਬਹੁਤ ਪਛਾਣ ਇੱਕ ਗੀਤਕਾਰ ਵੱਜੋਂ ਵੀ ਬਣ ਗਈ ਅਤੇ ਕਵੀ ਵੱਜੋਂ ਵੀ ਪਰ ਫਿਲਮਾਂ ‘ਚ ਮੈਂ ਕੁੱਝ ਖਾਸ ਨਾ ਕਰ ਸਕਿਆ , ਇਸਦਾ ਕਾਰਨ ਇਹ ਵੀ ਸੀ ਕਿ ਮੈਂ ਘਰ ਛੱਡ ਕੇ ਮੁੰਬਈ ਜਾ ਨਹੀਂ ਸਕਿਆ ਤੇ ਪੰਜਾਬ ‘ਚ ਪੰਜਾਬੀ ਸਿਨੇਮਾ ਦੇ ਹਾਲਾਤ ਸਦਾ ਹੀ ਤਰਸਯੋਗ ਰਹੇ । ਖੈਰ ਮੈਂ ਪਿਛਲੇ ਪੰਜ ਸੱਤ ਸਾਲਾਂ ‘ਚ ਕੁੱਝ ਪੰਜਾਬੀ ਫਿਲਮਾਂ ਦੇ ਗੀਤ ਲਿਖੇ , ਫਿਲਮ ਖੇਤਰ ਨੂੰ ਮੁੜ ਕੇ ਵਾਚਿਆ , ਫਿਲਮਕਾਰ , ਫਿਲਮ ਲੇਖਕ , ਅਦਾਕਾਰ ਮੇਰੇ ਦੋਸਤ ਬਣ ਗਏ , ਪੰਜਾਬੀ ਸਿਨੇਮਾ ਵਪਾਰਕ ਪੱਖ ਤੋਂ ਦੁਬਾਰਾ ਖੜਾ ਹੋ ਗਿਆ , ਪਰ ਮੇਰੀ ਸਮੱਸਿਆ ਫਿਰ ਉਹੀ ਸੀ ਕਿ ਮੈਂ ਪੰਜਾਬੀ ਗਾਇਕ ਨੂੰ ਨਾਇਕ ਲੈ ਕੇ ਕੋਈ ਹਲਕੀ ਹਾਸਰਸੀ ਫਿਲਮ ਬਣਾਉਣੀ ਨਹੀਂ ਸੀ ਚਾਹੁੰਦਾ ਤੇ ਗੰਭੀਰ ਸਿਨੇਮਾ ਲਈ ਵਪਾਰੀ ਨਿਰਮਾਤਾ ਪੈਸੈ ਲਾਉਣ ਨੂੰ ਤਿਆਰ ਨਹੀਂ ਸਨ ਸੋ ਮੈਂ ਫਿਲਮ ਖੇਤਰ ਦੇ ਵਿੱਚ ਖੜਾ ਵੀ ਆਪਣੀ ਪਸੰਦ ਦੀ ਫਿਲਮ ਬਣਾਉਣ ਤੋਂ ਕਾਫੀ ਦੂਰ ਖੜਾ ਸੀ । ਮੈਂ ਆਪਣੀਆਂ ਕੋਸ਼ਿਸ਼ਾਂ ਕਰਦਾ ਰਿਹਾ , ਆਪਣੀਆਂ ਗੋਂਦਾਂ ਗੁੰਦਦਾ ਰਿਹਾ , ਕਈ ਫਿਲਮਾਂ ਲਿਖ ਲਿਖ ਸੰਭਾਲ ਲਈਆਂ ਕਿ ਇੱਕ ਦਿਨ ਬਣਾਵਾਂਗਾ , ਇਸੇ ਦੌਰਾਨ ਮੇਰੇ ਸੁੱਤਾ ਨਾਗ ਕਹਾਣੀ ਯਾਦ ਆ ਗਈ , ਇਹ ਕਹਾਣੀ ਮੈਨੂੰ ਲਗਭਗ ਪੱਚੀ ਸਾਲ ਪਹਿਲਾਂ ਬਾਪੂ ਨੇ ਪੜਾਈ ਸੀ ਉਹ ਵੀ ਇਹ ਕਹਿ ਕੇ ਕਿ ਯਾਰ ਜੇ ਤੂੰ ਕਦੇ ਫਿਲਮਕਾਰ ਬਣਿਆ ਤਾਂ ਇਸ ਕਹਾਣੀ ਤੇ ਫਿਲਮ ਜ਼ਰੂਰ ਬਣਾਈ..ਫਿਲਮ ਭਾਵੇਂ ਛੋਟੀ ਹੀ ਬਣੂ..ਪਰ ਬਣਾਈ ਜ਼ਰੂਰ !
ਇਹ ਗੱਲ ਯਾਦ ਆਉਂਦਿਆਂ ਮੈਂ ਸੁੱਤਾ ਨਾਗ ਕਹਾਣੀ ਦੁਬਾਰਾ ਪੜੀ ਤੇ ਇਹ ਸੋਚ ਲਿਆ ਕਿ ਇਸ ਕਹਾਣੀ ਤੇ ਲਘੂ ਫਿਲਮ ਬਣਾ ਕੇ ਇੱਕ ਫਿਲਮਕਾਰ ਵੱਜੋਂ ਆਪਣਾ ਕੰਮ ਹੁਣ ਸ਼ੁਰੂ ਕਰ ਹੀ ਦੇਣਾ ਹੈ ਪਰ ਇਸ ਸੋਚ ‘ਚ ਵੀ ਦੋ ਸਾਲ ਲੰਘ ਗਏ , ਇਸੇ ਦਰਮਿਆਨ ਸੁੱਤਾ ਨਾਗ ਦੇ ਲੇਖਕ ਰਾਮ ਸਰੂਪ ਅਣਖੀ ਜੀ ਚਲੇ ਗਏ , ਕੁੱਝ ਹੋਰ ਵਕਤ ਲੰਘ ਗਿਆ ਤਾਂ ਬਾਪੂ ਜੀ ਵੀ ਸਰੀਰਕ ਵਿਛੋੜਾ ਦੇ ਗਏ , ਮੇਰਾ ਸੁਪਨਾ ਜਿਵੇਂ ਯਤੀਮ ਹੋ ਗਿਆ ਪਰ ਮੈਂ ਕੋਸ਼ਿਸ਼ ਕਰਦਾ ਰਿਹਾ , ਸਕਰਿਪਟ-ਡਾਇਲਾਗ ਲਿਖੇ , ਅਦਾਕਾਰ ਚੁਣੇ ਪਰ ਪੈਸਾ….ਪੈਸਾ ਹੈ ਨਹੀਂ ਸੀ ਕੋਲ…ਸੋ ਦੋਸਤਾਂ ਮਿੱਤਰਾਂ ਤੋਂ ਮੰਗਿਆ , ਦੇਸ਼ ਵਿਦੇਸ਼ ‘ਚ ਬੈਠੈ ਦੋਸਤਾਂ ਨੇ ਮੱਦਦ ਕੀਤੀ , ਫਿਲਮ ਦੇ ਕਿਰਦਾਰਾਂ ਦੇ ਕਪੜੇ ਬਣਵਾਏ , ਫਿਲਮ ਲਈ ਹੋਰ ਲੋੜੀਦਾ ਸਾਜੋ-ਸਮਾਨ ਤਿਆਰ ਕੀਤਾ । ਇਹ ਕਹਾਣੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਲਗਭਗ ਪੰਜਾਹ ਸਾਲ ਪੁਰਾਣੀ ਹੈ ਸੋ ਉਸ ਤਰਾਂ ਦੀ ਲੋਕੇਸ਼ਨ ਲੱਭਣ ‘ਚ ਸਭ ਤੋਂ ਵੱਧ ਮਿਹਨਤ ਕਰਨੀ ਪਈ , ਇਸ ਕੰਮ ‘ਚ ਫੇਸਬੁੱਕ ਦੇ ਦੋਸਤਾਂ ਨੇ ਬਹੁਤ ਸਾਥ ਦਿੱਤਾ , ਆਖਿਰ ਰਾਜਸਥਾਨ ਦੇ ਪੰਜਾਬ ਨਾਲ ਲਗਦੇ ਜ਼ਿਲੇ ਹਨੂੰਮਾਨਗੜ ਦੇ ਇੱਕ ਪਿੰਡ ਢਾਬਾਂ ‘ਚ ਇਸ ਫਿਲਮ ਦੀ ਸ਼ੂਟਿੰਗ ਕੀਤੀ । ਢਾਬਾਂ ਪਿੰਡ ਦੇ ਲੋਕਾਂ ਦਾ ਦੇਣਾ ਅਸੀਂ ਕਦੇ ਵੀ ਨਹੀਂ ਦੇ ਸਕਦੇ , ਉਨਾਂ ਦਾ ਪਿਆਰ ਸਦਾ ਸਾਡੇ ਅੰਗ ਸੰਗ ਰਹੇਗਾ । ਸਤਵਿੰਦਰ ਰਾਜਪਾਲ ਸਿੱਖਵਾਲਾ ਅਤੇ ਮਦਨ ਗੋਪਾਲ ਜਾਖੜ ਵਰਗੇ ਖੂਬਸੂਰਤ ਇਨਸਾਨਾਂ ਦੀ ਮੱਦਦ ਨਾਲ ਇਹ ਫਿਲਮ ਪੂਰ ਚੜੀ ਹੈ ।
ਇਸ ਫਿਲਮ ਤੇ ਲਗਭਗ ਤਿੰਨ ਲੱਖ ਦਾ ਖਰਚਾ ਆਇਆ ਹੈ ਜਿਸਦਾ ਬਹੁਤਾ ਹਿੱਸਾ ਦੋਸਤਾਂ ਮਿੱਤਰਾਂ ਦੀ ਮੱਦਦ ਨਾਲ ਪ੍ਰਾਪਤ ਹੋਇਆ ਹੈ । ਇਸ ਫਿਲਮ ਲਈ ਰੰਗਮੰਚ ਦੇ ਕਲਾਕਾਰਾਂ ਦਾ ਯੋਗਦਾਨ ਵੀ ਅਣਮੁੱਲਾ ਹੈ ਰਾਜ ਜੋਸ਼ੀ ਮਾਨਸਾ , ਕੁੱਲ ਸਿੱਧੂ , ਸੁਹਜ ਬਰਾੜ , ਜਗਤਾਰ ਔਲਖ , ਦਰਸ਼ਨ ਘਾਰੂ , ਧਰਮਿੰਦਰ ਕੌਰ , ਰੰਗ ਹਰਜਿੰਦਰ , ਗੁਰਨਾਮ ਸਿੱਧੂ ਵਰਗੇ ਪੰਜਾਬੀ ਰੰਗਮੰਚ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਨੇ ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ । ਕਹਾਣੀ ਅਤੇ ਗੀਤ ਰਾਮ ਸਰੂਪ ਅਣਖੀ ਜੀ ਦੇ ਹਨ , ਗੀਤਾਂ ਨੂੰ ਗਾਇਆ ਸੁਰੀਲੀ ਬੱਚੀ ਮੀਨੂੰ ਸਿੰਘ ਨੇ ਹੈ , ਸੰਗੀਤ ਹਸਨ ਅਲੀ ਦਾ ਹੈ , ਫਿਲਮ ਦਾ ਕੈਮਰਾਮੈਨ ਪਰਮਿੰਦਰ ਸਿੰਘ ਹੈ ਅਤੇ ਐਡੀਟਰ ਸਤਬੀਰ , ਸਹਾਇਕ ਨਿਰਦੇਸ਼ਕ ਵੱਜੋਂ ਪ੍ਰੇਮ ਸਿੰਘ ਸਿੱਧੂ ਅਤੇ ਸਟਿੱਲ ਫੋਟੋਗਰਾਫਰ ਵੱਜੋਂ ਤੁਸ਼ਾਰ ਫਿਰਾਨ ਦਾ ਸਾਥ ਮੇਰੀ ਪਲ ਪਲ ਸ਼ਕਤੀ ਬਣਿਆ ਹੈ । ਹੁਣ ਫਿਲਮ ਤਿਆਰ ਹੈ , ਡੀ.ਵੀ.ਡੀ . ਰਿਲੀਜ਼ ਕਰਨ ਵਾਲੇ ਹਾਂ ਪਰ ਸੈਂਸਰ ਬੋਰਡ ਨੇ ਪੰਗਾ ਪਾ ਦਿੱਤਾ ਹੈ ਉਮੀਦ ਹੈ ਕੁੱਝ ਦਿਨਾਂ ‘ਚ ਇਸਦਾ ਹੱਲ ਵੀ ਨਿੱਕਲ ਆਵੇਗਾ ਪਹਿਲਾਂ ਇਹ ਤਰਤਾਲੀ ਮਿਨਟ ਦੀ ਫਿਲਮ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋ ਵਿੱਚ ਵੀ ਵਿਖਾਈ ਜਾ ਚੁੱਕੀ ਹੈ ਹੁਣ ਤੁਸੀਂ ਵੀ ਦੇਸ਼ ਵਿਦੇਸ਼ ‘ਚ ਬੈਠੈ ਇਸਨੂੰ ਵੇਖ ਸਕੋਗੇ । ਸਾਡੀ ਸਾਰੀ ਟੀਮ ਦੀ ਛੇ ਮਹੀਨੇ ਦੀ ਅਣਥੱਕ ਮਿਹਨਤ ਤੁਹਾਨੂੰ ਯਕੀਨਨ ਨਜ਼ਰ ਆਵੇਗੀ ।ਮੈਂ ਇਸ ਕਹਾਣੀ ਦੇ ਫਿਲਮਾਂਕਣ ਸਮੇਂ ਕੁੱਝ ਬਦਲਾਅ ਵੀ ਕੀਤੇ ਹਨ ਅਤੇ ਕੁੱਝ ਗੱਲ ਨੂੰ ਵਧਾਇਆ ਵੀ ਹੈ ਪਰ ਇਸ ਨਾਲ ਮੂਲ ਕਹਾਣੀ ਦੇ ਭਾਵ ਨੂੰ ਕੋਈ ਠੇਸ ਨਹੀਂ ਪਹੁੰਚੇਗੀ ਸਗੋਂ ਹੋਰ ਵਿਚਾਰਾਂ ਦਾ ਪ੍ਰਵਾਹ ਦਰਸ਼ਕਾਂ ਦੇ ਮਨ ਵਿੱਚ ਹੋਵੇਗਾ ।
ਇਸ ਫਿਲਮ ਨੂੰ ਜਿੰਨੇ ਵੀ ਦਰਸ਼ਕਾਂ ਨੇ ਵੇਖਿਆ ਹੈ ਬਹੁਤ ਪਸੰਦ ਕੀਤਾ ਹੈ ਇਸ ਨਾਲ ਹੁਣ ਮੈਨੂੰ ਆਪਣਾ ਰਾਹ ਮਿਲ ਗਿਆ ਹੈ ਹੁਣ ਮੈਂ ਭਵਿੱਖ ‘ਚ ਪੰਜਾਬੀ ਦੀਆਂ ਚਰਚਿੱਤ ਸਾਹਿਤਕ ਰਚਨਾਵਾਂ ਤੇ ਅਜਿਹੀਆਂ ਹੋਰ ਫਿਲਮਾਂ ਬਣਾਵਾਂਗਾ , ਜਸਵੀਰ ਰਾਣਾ ਦੀ ਕਹਾਣੀ “ ਚੂੜੇ ਵਾਲੀ ਬਾਂਹ” , ਬਲਦੇਵ ਸਿੰਘ ਧਾਲੀਵਾਲ ਦੀ ਕਹਾਣੀ “ਕਾਰਗਿਲ” , ਅਤਰਜੀਤ ਦੀ ਕਹਾਣੀ “ਸਬੂਤੇ ਕਦਮ” , ਗੁਰਚਰਨ ਚਾਹਲ ਭੀਖੀ ਦੀ ਕਹਾਣੀ “ਰਾਜੀਬੰਦਾ” , ਬਲਦੇਵ ਸਿੰਘ ਸੜਕਨਾਮਾ ਦਾ ਨਾਵਲ “ ਕੱਲਰੀ ਧਰਤੀ” ਮੇਰੀ ਇਸ ਸੂਚੀ ‘ਚ ਸ਼ਾਮਿਲ ਹਨ । ਰਾਮ ਸਰੂਪ ਅਣਖੀ ਜੀ ਦੇ ਨਾਵਲ ਮੈਨੂੰ ਸਦਾ ਫੀਚਰ ਫਿਲਮਾਂ ਦੇ ਪਲਾਟ ਲੱਗਦੇ ਹਨ , ਸ਼ਾਇਦ ਪੁਰਾਣੇ ਪੰਜਾਬ ਨਾਲ ਵਧੇਰੇ ਪਿਆਰ ਹੈ ਮੈਂਨੂੰ ਇਸ ਲਈ ਮੈਂ ਪਰਦੇ ਤੇ ਵੱਧ ਤੋਂ ਵੱਧ ਪੁਰਾਤਨ ਪੰਜਾਬੀ ਸਭਿਆਚਾਰ ਚਿਤਰਨਾ ਚਾਹੁੰਦਾ ਹਾਂ ।ਇਸ ਵਿੱਚ ਤੁਸੀਂ ਪੰਜਾਬੀ ਪਾਠਕ , ਦਰਸ਼ਕ ਵੀ ਮੇਰੀ ਮੱਦਦ ਕਰ ਸਕਦੇ ਹੋ , ਮੈਨੂੰ ਜਦ ਜੀ ਚਾਹੇ ਫੋਨ ਕਰ ਸਕਦੇ ਹੋ ।ਇਸ ਗੱਲ ਲਈ ਮੈਂ ਵਚਨਬੱਧ ਹਾਂ ਕਿ ਮੈਂ ਕਦੇ ਵੀ ਸਿਰਫ ਪੈਸਾ ਕਮਾਉਣ ਲਈ ਕੋਈ ਹੋਛੀ ਜਾਂ ਹਲਕੀ ਫਿਲਮ ਨਹੀਂ ਬਣਾਉਣੀ , ਮੇਰਾ ਸੰਘਰਸ਼ ਲਗਾਤਾਰ ਜਾਰੀ ਹੈ ਮੈਂ ਆਪਣੀ ਫੀਚਰ ਫਿਲਮ ਲਈ ਪ੍ਰੋਡਿਊਸਰ ਦੀ ਭਾਲ ਕਰ ਰਿਹਾ ਹਾਂ ।
ਮੈਂ ਇਹ ਮੰਨਦਾ ਹਾਂ ਕਿ ਸਿਨੇਮਾ ਕਲਾ ਦਾ ਇੱਕ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ ਇਹ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੈ । ਸਾਡੇ ਬੁੱਧੀਜੀਵੀ ਵਰਗ ਦੀ ਇਹ ਗਲਤੀ ਰਹੀ ਹੈ ਕਿ ਉਨਾਂ ਇਸ ਸਕਤੀਸ਼ਾਲੀ ਮਾਧਿਅਮ ਨੂੰ ਹੁਣ ਤੱਕ “ਕੰਜਰਖਾਨਾ” ਕਹਿ ਕੇ ਲੁਟੇਰੀ ਜਮਾਤ ਲਈ ਹੀ ਵਿਹਲਾ ਛੱਡੀ ਰੱਖਿਆ ਸੀ ਜਿਸਦਾ ਫਾਇਦਾ ਬਜ਼ਾਰੂ ਵਪਾਰੀਆਂ ਨੇ ਖੂਬ ਉਠਾਇਆ ਹੈ ਪਰ ਸਿਨੇਮਾ ਲੋਕ ਪੱਖੀ ਵੀ ਹੋ ਸਕਦਾ ਹੈ , ਇਸਦੀ ਵਰਤੋਂ ਚੰਗੇਰੇ ਸਾਹਿਤ , ਸਭਿਆਚਾਰ ਅਤੇ ਇਤਿਹਾਸ ਨੂੰ ਸੰਭਾਲਣ ਲਈ ਵੀ ਹੋ ਸਕਦੀ ਹੈ ਇਹ ਗੱਲ ਸਾਨੂੰ ਹੁਣ ਮੰਨਣੀ ਤੇ ਸਮਝਣੀ ਹੀ ਪਵੇਗੀ , ਆਉਣ ਵਾਲਾ ਸਮਾਂ ਸਿਨੇਮਾ ਦਾ ਹੀ ਹੈ , ਮੈਂ ਨਿੱਜੀ ਤੌਰ ਤੇ ਇਹ ਚਾਹੁੰਦਾ ਹਾਂ ਕਿ ਪੰਜਾਬੀ ‘ਚ ਨਵੇਂ ਫਿਲਮਕਾਰਾਂ ਦੀ ਇੱਕ ਪੂਰੀ ਪੌਦ ਉੱਠੇ ਅਤੇ ਨਵੇਂ ਸਿਨੇਮਾ ਦਾ ਆਰੰਭ ਹੋਵੇ , ਮੇਰੀਆਂ ਕੋਸ਼ਿਸ਼ਾਂ ਇਸੇ ਦੇ ਹੱਕ ‘ਚ ਹੋਣਗੀਆਂ ।
ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਅਮੀਰ ਸਾਹਿਤਕ ਪਰੰਪਰਾ ਹੈ ਪਰ ਸਾਹਿਤਕ ਰਚਨਾਵਾਂ ਤੇ ਬਣੀਆਂ ਸਿਰਫ ਦੋ ਫਿਲਮਾਂ “ ਮੜੀ ਦਾ ਦੀਵਾ” ਅਤੇ “ ਅੰਨੇ ਘੋੜੇ ਦਾ ਦਾਨ” ਦੇ ਹੀ ਨਾਂਅ ਸਾਡੇ ਕੋਲ ਜ਼ਿਕਰ ਕਰਨ ਲਈ ਹਨ ਜਦਕਿ ਪੰਜਾਬੀ ਦੀ ਪਹਿਲੀ ਫਿਲਮ ਮੰਨੀ ਜਾਂਦੀ ਫਿਲਮ “ ਪਿੰਡ ਦੀ ਕੁੜੀ” ਟਾਲਸਟਾਏ ਦੇ ਰੂਸੀ ਨਾਵਲ “ਮੋਇਆਂ ਦੀ ਜਾਗ” (ਪੰਜਾਬੀ ਨਾਂਅ) ਤੇ ਅਧਾਰਿਤ ਸੀ । ਹੋਰਨਾਂ ਭਾਰਤੀ ਭਾਸ਼ਾਵਾਂ ਜਿਵੇਂ ਕਿ ਬੰਗਾਲੀ , ਉੜੀਆ , ਮਲਿਆਲਮ , ਮਰਾਠੀ , ਤਾਮਿਲ , ਤੇਲਗੂ ਆਦਿ ਕੋਲ ਆਪਣੀ ਆਪਣੀ ਮਾਣਯੋਗ ਸਿਨੇਮਾਈ ਪ੍ਰੰਪਰਾ ਹੈ ਕਈ ਭਾਸ਼ਾਵਾਂ ਦਾ ਸਿਨੇਮਾ ਤਾਂ ਹਿੰਦੀ ਭਾਸ਼ਾ ਦੇ ਮੁਬੰਈ-ਮਾਰਕਾ ਸਿਨੇਮੇ ਤੋਂ ਕੋਹਾਂ ਅੱਗੇ ਹੈ । ਮਹਾਨ ਫਿਲਮਕਾਰ ਸੱਤਿਆਜੀਤ ਰੇਅ ਵਰਗਾ ਨਾਂਅ ਬੰਗਾਲੀ ਵਰਗੀ ਇਲਾਕਾਈ ਭਾਸ਼ਾ ਨੇ ਪੈਦਾ ਕੀਤਾ ਹੈ ਹਿੰਦੀ ਵਰਗੀ ਰਾਸ਼ਟਰੀ ਭਾਸ਼ਾ ਨੇ ਨਹੀਂ , ਸੋ ਵਧੀਆ ਫਿਲਮ ਹਰ ਭਾਸ਼ਾ ‘ਚ ਬਣ ਸਕਦੀ ਹੈ ਲੋੜ ਹੈ ਸਿਰਫ ਹਿੰਮਤ ਕਰਨ ਦੀ , ਆਪਣੀ ਸੋਚ ਨੂੰ ਕਾਰਜ ‘ਚ ਬਦਲਣ ਦੀ । ਫਿਲਮ-ਮੇਕਿੰਗ ਨਿਰਸੰਦੇਹ ਔਖਾ ਕਾਰਜ ਹੈ ਪਰ ਇਹ ਵੀ ਮਿਹਨਤ ਨਾਲ ਹੋ ਜਾਂਦਾ ਹੈ , ਫਿਲਮ ਮੇਕਿੰਗ ‘ਚ ਜੋ ਸਵਾਦ ਹੈ ਉਹ ਮੈਨੂੰ ਕਵਿਤਾ , ਗੀਤ ਲਿਖਣ ਜਾਂ ਨਾਟਕ ਕਰਨ ‘ਚ ਨਹੀਂ ਆਇਆ , ਇਸ ਲਈ ਆਪਣੀ ਰਚਨਾਤਮਕ ਤ੍ਰਿਪਤੀ ਦੀ ਚਰਮ ਸੀਮਾਂ ਮੈਨੂੰ ਫਿਲਮ ਮੇਕਿੰਗ ਵਿੱਚ ਲੱਭੀ ਹੈ । ਮੈਂ ਇਹ ਮੰਨਦਾ ਹਾਂ ਕਿ ਹਾਲੇ ਇਹ ਮੇਰੀ ਸ਼ੁਰੂਆਤ ਹੈ , ਹਾਲੇ ਭਵਿੱਖ ‘ਚ ਮੈਂ ਹੋਰ ਬਹੁਤ ਕੁੱਝ ਕਰਨਾ ਹੈ ਜਟ ਤੁਸੀਂ ਸਾਥ ਦੇਵੋਂਗੇ ਤਾਂ ਵੀ ਠੀਕ ਹੈ ਜੇ ਨਹੀਂ ਦੇਵੋਂਗੇ ਤਾਂ ਵੀ ਮੈਂ ਪਿੱਛੇ ਮੁੜਨ ਵਾਲਾ ਨਹੀਂ , ਮੈਂ ਆਪਣੀਆਂ ਕੋਸ਼ਿਸ਼ਾਂ , ਆਪਣਾ ਸੰਘਰਸ਼ ਜਾਰੀ ਰੱਖਾਂਗਾ , ਆਮੀਨ !
ਮੇਰਾ ਮੁਆਫੀਨਾਮਾ ਸੂਝਵਾਨ , ਸੁਹਿਰਦ , ਸੱਚੇ ਪੰਜਾਬੀਆਂ ਦੇ ਚਰਨਾਂ ‘ਚ !
ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ ” ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ ” ਗੀਤ ਲਿਖਿਆ ਸੀ । ” ਕੁੜੀਆਂ ਤਾਂ ਕੁੜੀਆਂ ਨੇ ” , “ਸਿੱਲੀ ਸਿੱਲੀ ਹਵਾ ” , “ਦੁੱਖ ਬੋਲ ਕੇ ਜੇ ਦੱਸਿਆ ” , “ਪਰਦੇਸਣ ਧੀਆਂ” , “ਇਹ ਪੰਜਾਬ ਵੀ ਮੇਰਾ ਏ..” ਵਰਗੇ ਹੋਰ ਅਨੇਕ ਗੀਤ ਵੀ ਮੈਂ ਲਿਖੇ ਤੇ ਹੰਸ ਰਾਜ ਹੰਸ ਨੇ ਗਾਏ ਨੇ…..ਪਰ ਬਹੁਤ ਸਾਰੇ “ਦੋਸਤ” ਸਿਰਫ “ਅੱਗ ਤੁਰੀ ਜਾਂਦੀ ਹੈ” ਦੀ ਗੱਲ ਹੀ ਕਰਦੇ ਨੇ…ਤਾਂ ਕਰਕੇ ਮੈਂ ਇਹ ਸ਼ਪਸ਼ਟੀਕਰਨ / ਮੁਆਫੀਨਾਮਾ ਲਿਖ ਰਿਹਾ ਹਾਂ ! “ਅੱਗ” ਗੀਤ ‘ਚ ਮੈਂ “ਅੱਗ” ਦਾ ਬਿੰਬ ਉਸ ਤਰਾਂ ਵਰਤਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ “ਅੱਗ ਤੁਰੀ ਪਰਦੇਸ” ‘ਚ ਵਰਤਿਆ ਸੀ ਇਹ ਬਿੰਬ…ਪਰ ਮੈਂ ਬੁਰੀ ਤਰਾਂ ਨਾਕਾਮ ਰਿਹਾ ..ਤੇ ਇਹ ਗੀਤ “ਲੱਚਰ” ਸਿੱਧ ਹੋ ਗਿਆ…ਇਸਦੇ ਪਿੱਛੇ ਹੋਰ ਵੀ ਕਈ ਕਾਰਨ ਸਨ ਕਿ ਸਿਰਫ ਇਸ ਗੀਤ ਤੇ ਹੀ ਕਿਉਂ ਐਨਾਂ ਤਵਾ ਲੱਗਿਆ….ਖੈਰ ਮੈਂ ਉਨਾਂ ਕਾਰਨਾਂ ‘ਚ ਨਹੀਂ ਜਾਣਾ ਚਾਹੁੰਦਾ… ਮੈਂ ਸਿਰਫ ਇਹ ਦੱਸਣ ਲਈ ਇਹ ਨੋਟ ਲਿਖਿਆ ਹੈ ਕਿ ਮੈਂ ਇਸ ਗੀਤ ਨੂੰ ਲਿਖਣ ਦਾ ਗੁਨਾਹਗਾਰ ਹਾਂ ਤੇ ਆਪ ਸਭ ਪੰਜਾਬੀਆਂ ਤੋਂ ਇਸ ਲਈ ਮੁਆਫੀ ਮੰਗਦਾ ਹਾਂ , ਮੈਂ ਇਹ ਗੀਤ ਆਪਣੇ ਗੀਤ-ਸੰਗ੍ਰਿਹ “ਸਿੱਲੀ ਸਿੱਲੀ ਹਵਾ” ‘ਚ ਵੀ ਸ਼ਾਮਿਲ ਨਹੀਂ ਕੀਤਾ , ਕੀ ਮੇਰੀ ਇੱਕ ਗਲਤੀ ਮੁਆਫ ਨਹੀਂ ਕੀਤੀ ਜਾ ਸਕਦੀ ? ਜੇ ਤੁਸੀਂ ਇਹ ਸਮਝਦੇ ਹੋ ਕਿ ਪੰਜਾਬੀ ‘ਚ ਮੈਂ ਹੀ ਸਭ ਤੋਂ ਮਾੜਾ ਗੀਤ ਲਿਖਿਆ ਹੈ ਜਾਂ ਪੰਜਾਬੀ ਗੀਤਕਾਰੀ ‘ਚ ਸਿਰਫ ਮੇਰੇ ਇਸ ਗੀਤ ਕਾਰਨ ਹੀ “ਗੰਦ” ਪਿਆਂ ਹੈ ਤਾਂ ਤੁਸੀਂ ਮੇਰੇ ਜੁੱਤੀਆਂ ਮਾਰ ਸਕਦੇ ਹੋ…ਮੈਨੂੰ ਗਾਲਾਂ ਕੱਢ ਸਕਦੇ ਹੋ..ਮੈਂ ਸੰਗਤ ਦਾ ਹਰ ਫੈਸਲਾ ਸਿਰ ਮੱਥੇ ਮੰਨਾਂਗਾ !
ਮੇਰਾ ਨੰਬਰ 99882 62870 ਹੈ , ਮੈਂ ਪੰਜਾਬੀ ਮਾਂ ਬੋਲੀ ਦਾ ਜੁੰਮੇਵਾਰ ਪੁੱਤਰ ਹਾਂ , ਇੱਕ ਜੁੰਮੇਵਾਰ ਅਣਖੀ ਬਾਪ ਦਾ ਬੇਟਾ ਹਾਂ , ਮੈਂ ਜਾਣ ਬੁੱਝ ਕੇ ਲੱਚਰ ਗੀਤ ਕਿਉਂ ਲਿਖਾਂਗਾ ? ਮੇਰੇ ਕੋਲ ਤੁਹਾਡੇ ਹਰ ਇਮਾਨਦਾਰ ਸਵਾਲ ਦਾ ਇਮਾਨਦਾਰ ਜਵਾਬ ਹੈ ! ਮੇਰੇ ਤੋਂ ਜੋ ਗਲਤੀ ਹੋਈ ਹੈ ਅਣਜਾਣੇ ‘ਚ ਹੋਈ ਹੈ ਉਸਦੀ ਮੈਂ 8 ਸਾਲ ਪਹਿਲਾਂ ਵੀ ਮਾਫੀ ਮੰਗ ਚੁੱਕਾ ਹਾਂ ਅੱਜ ਫੇਰ ਮੰਗਦਾ ਹਾਂ ਕਿਰਪਾ ਕਰਕੇ ਮੇਰੀ ਇੱਕ ਗਲਤੀ ਕਾਰਨ ਮੇਰੇ ਸਾਰੇ ਕੀਤੇ ਕਰਾਏ ਤੇ ਪਾਣੀ ਨਾ ਫੇਰੋ ਦੋਸਤੋ ! ਇਹ ਇਨਸਾਫ ਨਹੀਂ ਹੈ….ਤੁਸੀਂ ਹਰ ਲੱਚਰ ਲਿਖਣ ਤੇ ਗਾਉਣ ਵਾਲੇ ਤੋਂ ਮੁਆਫੀਨਾਮਾ ਲਿਖਵਾਓ ਮੈਂ ਸਭ ਤੋਂ ਪਹਿਲਾਂ ਤੁਹਾਡੀ ਕਚਿਹਰੀ ‘ਚ ਖੜਾ ਹੋਵਾਂਗਾ….ਇਨਸਾਫ ਕਰੋ ਦਾਨਿਸ਼ਵਰੋ….ਜਾਤੀ ਕਿੜ ਨਾ ਕੱਢੋ ! ਮੇਰੇ ਇਸ ਨੋਟ ਤੇ ਕੁਮੈਂਟ ਜਰੂਰ ਕਰਨਾ…..ਤੁਹਾਡਾ ਸਭ ਸੂਝਵਾਨ ਪੰਜਾਬੀਆਂ ਦਾ , ਪੰਜਾਬੀ ਮਾਂ ਬੋਲੀ ਦਾ ਗੁਨਾਹਗਾਰ : ਅਮਰਦੀਪ ਗਿੱਲ , ਬਠਿੰਡਾ
*post script :
*ਇੱਕ ਕੁੜੀ ਪੰਜਾਬ ਦੀ !
ਪੰਜ ਦਰਿਆ ਦੇ ਪਾਣੀ ਦੇ ਵਿੱਚ
ਗੁੰਨ ਪੰਜਾਬੀ ਮਿੱਟੀ ,
ਮੱਕੀ ਦਾ ਵਿੱਚ ਆਟਾ ਪਾ ਕੇ
ਕਰ ਲਓ ਗੋਰੀ ਚਿੱਟੀ ,
ਕੱਚੇ ਦੁੱਧ ਦਾ ਦੇ ਕੇ ਛਿੱਟਾ
ਹੁਸਨ ਦੀ ਭੱਠੀ ਪਾਓ ,
ਸਾਰੀ ਦੁਨੀਆ ਨਾਲੋਂ ਵੱਖਰਾ
ਇੱਕ ਕਲਬੂਤ ਬਣਾਓ ,
ਇੱਜ਼ਤ ਬਾਣਾ ਗਹਿਣਾ ਅਣਖ ਦਾ
ਰੂਹ ਵਿੱਚ ਰੱਬ ਵਸਾਇਓ ,
ਕਿੱਸੇ , ਵਾਰਾਂ , ਗੀਤ , ਬੋਲੀਆਂ
ਬਾਣੀ ਰੋਜ਼ ਸੁਣਾਇਓ ,
ਇੱਕ ਹੱਥ ਦੇ ਵਿੱਚ ਤੇਗ ਦੇ ਦਿਓ
ਇੱਕ ਵਿੱਚ ਕਲੀ ਗੁਲਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ …..!
ਹਰ ਥਾਂ ਖੜਦੀ ਪੁੱਤਾਂ ਬਰਾਬਰ
ਮਾਣ ਕਰੇਂਦੇ ਮਾਪੇ ,
ਜਿਹੜੀ ਵਹਿੰਗੀ ਫਰਜ਼ਾਂ ਦੀ ਨੂੰ
ਚੁੱਕ ਲੈਂਦੀ ਏ ਆਪੇ ,
ਖੇਤਾਂ ਦੇ ਵਿੱਚ ਜਿਹੜੀ
ਮੋਰਾਂ ਵਾਂਗੂ ਪੈਲਾਂ ਪਾਵੇ ,
ਨਾਲੇ ਮੋੜਦੀ ਨੱਕਾ ਖਾਲ ਦਾ
ਟਰੈਕਟਰ ਆਪ ਚਲਾਵੇ ,
ਜਿਹੜੀ ਆਪਣੇ ਹੱਥੀਂ ਵਾਹਵੇ
ਸੂਰਤ ਆਪਣੇ ਖਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ …..!
ਨਵੀਂ ਸੋਚ ਤੇ ਨਵਾ ਸਿਦਕ ਹੈ
ਨਵੇਂ ਪੂਰਨੇ ਪਾਵੇ ,
ਨਵੀਆਂ ਰਾਹਾਂ ਤੇ ਨਵੀਂ ਰੌਸ਼ਨੀ
ਨਵੇਂ ਚਿਰਾਗ ਜਗਾਵੇ ,
ਰਿਸ਼ਤੇ – ਨਾਤੇ ਮੋਹ ਦੀਆਂ ਤੰਦਾਂ
ਆਪਣੇ ਹੱਥੀਂ ਬੁਣਦੀ ,
ਜਿਹੜੀ ਆਪਣੀ ਰੂਹ ਦਾ ਹਾਣੀ
ਮਾਣ ਨਾਲ ਹੈ ਚੁਣਦੀ ,
ਵੰਝਲੀ ਦੇ ਨਾਲ ਇੱਕ -ਸੁਰ ਕਰਦੀ
ਜੋ ਹੈ ਤਾਰ ਰਬਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ …..!
********
ਇਹ ਗੀਤ ਵੀ ਮੇਰਾ ਲਿਖਿਆ ਹੋਇਆ ਹੈ , ਮੇਰੀਆਂ ਦੋ ਪੁਸਤਕਾਂ ” ਅਰਥਾਂ ਦਾ ਜੰਗਲ ” ਅਤੇ ” ਸਿੱਲ੍ਹੀ ਸਿੱਲ੍ਹੀ ਹਵਾ ” ਵੀ ਆ ਚੁੱਕੀਆਂ ਨੇ , ਮੇਰੇ ਲਿਖੇ ਗੀਤਾਂ ਵਿੱਚ ” ਜੇ ਮਿਲੇ ਉਹ ਕੁੜੀ ” , “ਇਸ਼ਕੇ ਦੀ ਮਾਰ ” , “ਦਿਲ ਕੱਚ ਦਾ ” , ” ਕੀ ਬੀਤੀ ਸਾਡੇ ਨਾਲ ” , “ਜਿੰਨਾ ਤੈਨੂੰ ਪਿਆਰ ਕੀਤਾ ” , ” ਕਿਹੜੇ ਪਿੰਡ ਦੀ ਤੂੰ ਨੀ ” , ” ਸ਼ਾਇਦ ਉਹੀ ਚਿਰਾਂ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੈ..” , “ਹੁਣ ਮੈਨੂੰ ਦਿਸਦੀਂ ਏ ਸਾਰਿਆਂ ‘ਚ ਤੂੰ ” , ” ਧੀਆਂ ਧਿਆਣੀਆਂ ” ਆਦਿ ਸ਼ਾਮਿਲ ਨੇ !
ਮੈਂ ਗੁਰਦਾਸ ਮਾਨ ਦੀ ਫਿਲਮ ” ਯਾਰੀਆਂ ” , ਰਾਜ ਬਰਾੜ ਦੀ ਫਿਲਮ ” ਜਵਾਨੀ ਜ਼ਿੰਦਾਬਾਦ ” ਅਤੇ ਅਮਰਿੰਦਰ ਗਿੱਲ ਦੀ ਫਿਲਮ ” ਇੱਕ ਕੁੜੀ ਪੰਜਾਬ ਦੀ ” ਦੇ ਗੀਤ ਲਿਖ ਚੁੱਕਾ ਹਾਂ , ਮੈਨੂੰ ਮੇਰੇ ਗੀਤਾਂ ਲਈ ਅਨੇਕਾਂ ਇਨਾਮ ਸਨਮਾਨ ਵੀ ਮਿਲੇ ਹਨ ! ਪਰ ਮੇਰੇ ਲਈ ਆਪ ਸਭ ਦਾ ਪਿਆਰ ਸਭ ਤੋਂ ਵੱਡਾ ਇਨਾਮ ਹੈ !
ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ ਖੇਤਰ ਦਾ ਕੁੱਲਵਕਤੀ ਕਾਮਾ ਹਾਂ ਮੇਰੀ ਇੱਕ ਸੋਚ ਹੈ ਇੱਕ ਕੁਮਿੱਟਮੈਂਟ ਹੈ , ਮੈਂ ਆਪਣੇ ਹਰ ਕੰਮ ਹਰ ਰਚਨਾ ਲਈ ਸੂਝਵਾਨ ਸਰੋਤਿਆਂ ਨੂੰ , ਪਾਠਕਾਂ ਨੂੰ ਜਵਾਬਦੇਹ ਹਾਂ , ਮੇਰਾ ਕੋਈ ਗੀਤ ਮਾੜਾ ਹੋ ਸਕਦਾ ਹੈ ਮੇਰੀ ਨੀਤ ਮਾੜੀ ਨਹੀਂ ਹੈ , ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ ਖੇਤਰ ‘ਚ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰ ਰਿਹਾ ਹਾਂ ਇਹ ਮੇਰੀ ਕਰਮਭੂਮੀ ਹੈ ਜੇ ਤੁਸੀਂ ਵਾਰ ਵਾਰ ਇੱਕ ਗੀਤ ਦੀ ਗੱਲ ਕਰਕੇ ਮੇਰਾ ਰਾਹ ਰੋਕੋਗੇ ਤਾਂ ਮੈਂ ਇੱਕ ਦਿਨ ਹਾਰ ਜਾਵਾਂਗਾ , ਦੁਸ਼ਮਣ ਤੋਂ ਤਾਂ ਜਿੱਤ ਜਾਈਏ ਸੱਜਣਾਂ ਤੋਂ ਕਿਵੇਂ ਜਿੱਤੀਏ ? ਮੈਂ ਇਸ ਖੇਤਰ ‘ਚੋਂ ਕਦੇ ਇੱਕ ਪੈਸਾ ਨਹੀਂ ਕਮਾਇਆ ਸਿਰਫ ਘਰ ਫੂਕ ਤਮਾਸ਼ਾ ਵੇਖਿਆ ਹੈ..ਫਿਰ ਵੀ ਇਹ ਇਲਜ਼ਾਮ…ਚਲੋ ਖੈਰ ਇਹ ਵੀ ਕਬੂਲ ਨੇ…ਆਖਿਰ ਆਪਣਿਆਂ ਨੇ ਹੀ ਦਿੱਤੇ ਨੇ ! ਵੱਸਦੇ ਰਹੋ , ਵਾਹਿਗੁਰੂ ਭਲਾ ਕਰੇ ! @AMARDEEP SINGH GILL ( 11 MARCH 2011 )
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ.
ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ,
ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ,
ਸਮਝ ਨੀ ਆਉਦੀ ਫਿਰ ਵੀ ਏ ਕਾਤੋਂ
ਬੇਬੱਸ ਤੇ ਮਜ਼ਬੂਰ ਨੇ ਕੁੜੀਆਂ,
ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਏ ਮਮਤਾ ਤੋਂ ਥੁੜੀਆਂ ਕੁੜੀਆਂ ਦਾ ਕੀ ਏ,
ਸਾਇੰਸ ਤਾ ਬਹੁਤ ਤਰੱਕੀ ਕਰ ਗਈ
ਪਰ ਕੁੱਝ ਅਣਹੋਣੀਆਂ ਹੋਈਆਂ ਵੀ ਨੇ,
ਕਈ ਬਦਕਿਸਮਤ ਕੁੜੀਆਂ ਇੱਥੇ
ਜਨਮ ਤੋਂ ਪਹਿਲਾਂ ਮੋਈਆਂ ਵੀ ਨੇ
ਕੁੜੀਆਂ ਕਿਸਮਤ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਰਿਸ਼ੀ ਮੁਨੀ ਅਵਤਾਰ-ਔਲੀਏ
ਪੀਰ ਪੈਗੰਬਰ ਜਿਸਨੇ ਜਾਏ,
ਦੇਵਤਿਆਂ ਦੇ ਧਰਤੀ ਦੇ ਉੱਤੇ
ਫਿਰ ਵੀ ਏ ਕਿਉਂ ਕਾਸੀ ਅਖਵਾਏ,
ਰੱਬ ਦੀਆਂ ਲਿਖੀਆਂ ਨਾ ਮੁੜੀਆਂ ਨਾ ਮੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਬਲੀ ਦਹੇਜ ਦੀ ਚੜੀਆਂ ਨੇ ਕੁੜੀਆਂ,
ਇੱਕ ਹੀ ਨਹੀਂ ਇੱਥੇ ਬੜੀਆਂ ਨੇ ਕੁੜੀਆਂ.
ਆਪਣੇ ਸਿਰ ਦੇ ਸਾਈਆਂ ਦੇ ਹੱਥੋਂ,
ਵਿੱਚ ਤੰਦੂਰਾਂ ਦੇ ਸੜੀਆਂ ਨੇ ਕੁੜੀਆਂ,
ਏ ਹੋਕਿਆਂ ਚ ਰੁੜੀਆਂ ਨੇ ਰੁੜੀਆਂ ਦਾ ਕੀ ਏ,