Follow Us
Amardeep Singh Gill

Amardeep Singh Gill

A famous poet / lyricist / film writer / film director…

  • Home
  • About
    • Awards
    • Timeline
    • Biography
    • Interview
  • Production
    • Takhat Hazara Films
    • Sutta Naag
    • Khoon
    • Jora 10 Numbaria
  • Songs
    • Video
    • Audio
  • Movies
  • My Writings
    • Songs
    • Poetry
  • Gallery
  • Blog
  • Contact

ਇਹੋ ਇਨਸਾਫ਼ ਹੈ

Posted on May 26, 2017 by Admin

ਬਹੁਤ ਕੁੱਤਾ ਹਾਂ ਮੈਂ
ਐਵੇਂ ਭੌਂਕਦਾ ਰਹਿਨਾਂ
ਕਦੇ ਕਵਿਤਾ
ਕਦੇ ਗੀਤ !
ਬਹੁਤ ਬਕਵਾਸ ਕਰਦਾ ਹਾਂ
ਕਦੇ ਨਾਹਰੇ ਲਾਉਂਦਾ ਹਾਂ ,
ਕਦੇ ਵਿਖਾਵੇ ਕਰਦਾ ਹਾਂ ,
ਤੇਰੇ ਖਿਲਾਫ ਧਰਨੇ
ਦਿੰਦਾ ਹਾਂ !
ਉਸ ਹਰ ਭਾਸ਼ਾ ‘ਚ
ਭੌਂਕਦਾ ਹਾਂ
ਜੋ ਤੈਨੂੰ ਸਮਝ ਨਹੀਂ ਆਉਂਦੀ
ਜਾਂ ਤੂੰ ਸਮਝਣਾ ਨਹੀਂ ਚਾਹੁੰਦਾ !
ਤੇਰੇ ਖਿਲਾਫ
ਕਿਤਾਬਾਂ ਲਿਖਦਾ ਹਾਂ
ਨਾਟਕ ਖੇਡਦਾ ਹਾਂ
ਫਿਲਮਾਂ ਬਣਾਉਂਦਾ ਹਾਂ !
ਕਿੰਨਾਂ ਪਾਗਲ ਹਾਂ ਮੈਂ
ਤੈਨੂੰ ਰੋਅ ਰੋਅ ਕੇ
ਛਾਤੀ ਪਿੱਟ ਪਿੱਟ ਕੇ
ਵਿਖਾਉਂਦਾ ਹਾਂ !
ਬੇਮਤਲਬ ਚੀਕਦਾ ਹਾਂ
ਇਨਸਾਫ ਮੰਗਦਾ ਹਾਂ !
ਪਰ ਤੇਰਾ ਸ਼ੁਕਰੀਆ !
ਤੂੰ ਅੱਜ
ਜੋ ਮੇਰੇ ਨਾਲ ਕੀਤੀ
ਭਰੀ ਅਦਾਲਤ ‘ਚ ,
ਇਹੋ ਹੋਣੀ ਚਾਹੀਦੀ ਸੀ
ਮੇਰੇ ਨਾਲ ,
ਤੇਰੇ ਸੰਵਿਧਾਨ ਨੂੰ
ਤੇਰੇ ਕਾਨੂੰਨ ਨੂੰ ਮੰਨਣਾ
ਮੇਰੀ ਹੀ ਗਲਤੀ ਸੀ ,
ਚੰਗਾ ਕੀਤਾ ਤੂੰ
ਮੈਨੂੰ ਮੇਰੀ ਗਲਤੀ ਦੀ
ਦੇ ਦਿੱਤੀ ਸਜਾ
ਉਨੱਤੀ ਸਾਲ ਬਾਅਦ !
ਤੇ ਉਹ ਜੋ ਬਰੀ ਕਰ ਦਿੱਤਾ
ਉਹ ਸੱਚਮੁੱਚ ਨਿਰਦੋਸ਼ ਸੀ !
ਇਹੋ ਇਨਸਾਫ ਹੈ !!

ਦਾਮਿਨੀ ਦੇ ਨਾਂਅ !

Posted on May 26, 2017 by Admin

ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਇਨਸਾਨੀਅਤ , ਕਾਨੂੰਨ , ਇਨਸਾਫ !
ਅਸੀਂ ਵੀ ਸਾਰੇ ਦੇਸ਼ ਵਾਸੀ
ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ !
ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ
ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ
ਤੇਰੇ ਨਾਲ ਧੀਆਂ ਦਾ ਮਾਣ ਮਰ ਗਿਆ ਹੈ ,
ਤੇਰੇ ਨਾਲ ਹੀ ਮਰ ਗਈ ਹੈ
ਚਿੜੀਆਂ ਦੀ ਉਡਾਰੀ ,
ਕੋਇਲਾਂ ਦੇ ਗੀਤ !
ਤੇਰੇ ਬਾਅਦ ਕਿੰਨੀ ਉਦਾਸ ਖੜੀ ਹੈ
ਸਾਡੀ ਸਦੀਆਂ ਪੁਰਾਣੀ ਸਭਿਅਤਾ ,
ਅੱਜ ਸਾਡੇ ਸੰਸਕਾਰਾਂ ਦੇ ਮੂੰਹ ਤੋਂ
ਮੱਖੀ ਨਹੀਂ ਉੱਡਦੀ !
ਅੱਜ ਗੁਰੂਆਂ , ਪੀਰਾਂ ,ਫਕੀਰਾਂ
ਦੇ ਬਚਨ ਡਾਅਢੇ ਗਮਗੀਨ ਨੇ !
ਬੇਟਾ !
ਅਸੀਂ ਸਾਰੇ ਹੀ
ਤੇਰੇ ਗੁਨਾਹਗਾਰ ਹਾਂ
ਤੂੰ ਸਾਨੂੰ ਮੁਆਫ ਨਾ ਕਰੀਂ,
ਤੂੰ ਮੁਆਫ ਨਾ ਕਰੀਂ ਉਨਾਂ ਨੂੰ
ਜਿੰਨਾਂ ਤੈਨੂੰ ਆਪਣੀ ਰਾਜਨੀਤੀ ਦਾ
ਮੋਹਰਾ ਬਣਾ ਲਿਆ
ਤੇ ਦਾਗਦੇ ਰਹੇ ਇੱਕ ਦੂਜੇ ਤੇ
ਉੱਲਟੇ-ਸਿੱਧੇ ਬਿਆਨ !
ਮਹਿਲਾਂ ‘ਚ ਬੈਠੇ
ਕੱਠਪੁਤਲੀ ਰਾਜੇ
ਜੋ ਅਮਨ ਕਾਨੂੰਨ ਦੀ
ਸ਼ਤਰੰਜ ਖੇਡਦੇ ਰਹੇ
ਤੇ ਰਾਣੀਆਂ ਜੋ
ਆਪਣੇ ਮਹਿਲਾਂ ਦੇ
ਬਨੇਰੇ ਤੇ ਖੜ ਕੇ
ਵੇਖਦੀਆਂ ਰਹੀਆਂ
ਤੇਰੇ ਲਈ ਇਨਸਾਫ ਮੰਗਦੇ
ਲੋਕਾਂ ਤੇ ਹੁੰਦਾ ਲਾਠੀ-ਚਾਰਜ ,
ਸਭ ਤੇਰੇ ਗੁਨਾਹਗਾਰ ਨੇ !
ਦਾਮਿਨੀ !!
ਦਾਮਿਨੀ ਦਾ ਅਰਥ ਨੇ
ਆਸਮਾਨੀ ਬਿਜਲੀ ,
ਹੁਣ ਤੇਰੇ ਜਾਣ ਬਾਅਦ
ਦੇਸ਼ ਦੀਆਂ ਸਭ ਧੀਆਂ ਨੂੰ
ਖੁਦ ਜਿਉਣੇ ਪੈਣਗੇ
ਤੇਰੇ ਨਾਮ ਦੇ ਅਰਥ ,
ਤਾਂ ਕਿ ਰਾਖ ਕੀਤੇ ਜਾ ਸਕਣ
ਹਵਸ ਦੇ ਬਘਿਆੜ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ

ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ

Posted on May 26, 2017 by Admin

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਨਾ ਬੇਲੇ ਭਾਉਂਦੇ ਨੇ ,
ਨਾ ਧੇਲੇ ਭਾਉਂਦੇ ਨੇ,
ਨਾ ਡੇਰਾ ਮੱਲਦਾ ਏ ,
ਨਾ ਚੇਲੇ ਭਾਉਂਦੇ ਨੇ,
ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਥਲ ਵਿੱਚ ਵੀ ਜੀਅ ਲੈਂਦਾ,
ਕਦੇ ਸਾਗਰ ਪੀਅ ਲੈਂਦਾ ,
ਜਿੰਨੇ ਬਿਨ ਸਰਦਾ ਨਈਂ,
ਬੱਸ ਓਨਾ ਹੀ ਲੈਂਦਾ ,
ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਆਪਣੇ ਵਿੱਚ ਮਸਤ ਰਹੇ ,
ਕੁੱਝ ਅਸਤ- ਵਿਅਸਤ ਰਹੇ,
ਦਿਲ ਦਾ ਇਹ ਰਾਜਾ ਏ ,
ਭਾਵੇਂ ਤੰਗ-ਦਸਤ* ਰਹੇ ,
ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਕਿਸੇ ਅੱਗ ਵਿੱਚ ਸੜਿਆ ਏ,
ਜੋ ਏਨਾ ਰੜਿਆ ਏ ,
”ਗਿੱਲ” ਗਿਆਨੀ ਬਣ ਬੈਠਾ,
ਢਾਈ ਅੱਖਰ ਪੜਿਆ ਏ,
ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

ਸੂਰਜ

Posted on May 26, 2017 by Admin

ਸੂਰਜ ਪੱਥ ਕੇ
ਬਨੇਰੇ ਤੇ ਰੱਖਣਾ
ਉਸਨੂੰ ਆਉਂਦਾ ਹੈ ,
ਚੰਨ ਨੂੰ ਧਲਿਆਰਾ ਪਾ
ਅੰਬਰ ਤੇ ਖੜਾ ਲੈਂਦੀ ਹੈ ,
ਉਸਦੀ ਪਾਟੀ ਚੁੰਨੀ ਦੇ
ਲੜ ਨਾਲ
ਬੰਨੀ ਹੁੰਦੀ ਹੈ ਪੌਣ ,
ਧੁੱਪ ਨੂੰ ਛਾਬੇ ‘ਚ ਪਾ
ਲੁਕਾ ਲੈਂਦੀ ਹੈ ,
ਜਿੰਨਾਂ ਚਿਰ
ਉਸਦੇ ਕੰਮ ਨਹੀਂ ਮੁੱਕਦੇ
ਵਕਤ ਦੀ ਕੀ ਮਜ਼ਾਲ ਹੈ
ਕਿ ਇੱਕ ਕਦਮ ਵੀ ਪੁੱਟੇ ,
ਘਰ ਦੀ ਸੁਆਣੀ ਹੈ ਨਾ
ਬ੍ਰਹਿਮੰਡ ਦੇ ਚੁੱਲੇ ਚੌਂਕੇ ‘ਚ ਵੀ
ਉਸਦੀ ਚਲਦੀ ਹੈ !

ਰਾਜਨੀਤੀ ਦੀ ਸ਼ਤਰੰਜ !!

Posted on May 26, 2017 by Admin

ਰਾਜਨੀਤੀ ਦੀ ਸ਼ਤਰੰਜ ‘ਚ
ਘੋੜਾ ਢਾਈ ਘਰ ਹੀ ਨਹੀਂ ਚਲਦਾ
ਨਾ ਹੀ ਪਿਆਦਾ
ਇੱਕ ਘਰ ਚਲਦਾ ਹੈ ,
ਰਾਜਨੀਤੀ ਦੀ ਸ਼ਤਰੰਜ ਵਿੱਚ
ਊਠ ਤਿਰਛਾ ਹੀ ਨਹੀਂ ਮਾਰਦਾ
ਨਾ ਹੀ ਹਾਥੀ ਸਿਰਫ
ਸਿੱਧਾ ਮਾਰਦਾ ਹੈ !
ਰਾਜਨੀਤੀ ਦੀ ਸ਼ਤਰੰਜ ਵਿੱਚ
ਵਜ਼ੀਰ ਰਾਜੇ ਦਾ ਰਾਹ
ਸਾਫ ਕਰਦਾ ਹੈ
ਤੇ ਖੁਦ ਹੀ
ਰਾਜੇ ਕੋਲੋਂ ਵੀ ਡਰਦਾ ਹੈ !
ਇੱਥੇ ਪਿਆਦੇ
ਹਰ ਪਾਸੇ ਚਲਾਏ ਜਾਂਦੇ ਨੇ
ਕੁਟਵਾਏ ਜਾਂਦੇ ਨੇ
ਮਰਵਾਏ ਜਾਂਦੇ ਨੇ
ਹਰਾਏ ਜਾਂਦੇ ਨੇ
ਤੇ ਲੋੜ ਪੈਣ ਤੇ
ਜਿਤਾਏ ਜਾਂਦੇ ਨੇ !
ਰਾਜਨੀਤੀ ਦੀ ਸ਼ਤਰੰਜ ਵਿੱਚ
ਬਾਜ਼ੀ ਦੋ ਧਿਰਾਂ ਵਿੱਚਕਾਰ ਹੀ
ਨਹੀਂ ਹੁੰਦੀ ਸਿਰਫ
ਬਹੁਤ ਧਿਰਾਂ ਵਿੱਚਕਾਰ ਹੁੰਦੀ ਹੈ
ਪਰ ਜਿੱਤਦਾ ਉਹ ਹੈ
ਜੋ ਇਹ ਖੇਡ
ਸ਼ੁਰੂ ਕਰਦਾ ਹੈ !
ਰਾਜਾ ਹਮੇਸ਼ਾਂ ਜਿੱਤਣ ਲਈ
ਬਿਸਾਤ ਵਿਛਾਉਂਦਾ ਹੈ ,
ਹਰ ਖਾਨੇ ‘ਚ
ਮਨਮਰਜ਼ੀ ਦੇ ਮੋਹਰੇ
ਟਿਕਾਉਂਦਾ ਹੈ ,
ਹਰ ਕਿਸੇ ਨੂੰ
ਦਾਅ ਤੇ ਲਾਉਂਦਾ ਹੈ !
ਇਸ ਖੇਡ ‘ਚ
ਲੱਥੀਆਂ ਪੱਗਾਂ
ਤੇ ਵੱਢੇ ਸਿਰਾਂ ਦਾ
ਕਿਤੇ ਹਿਸਾਬ ਨਹੀਂ ਹੁੰਦਾ !
ਕੋਈ ਕਮੀਸ਼ਨ ਕਦੇ ਵੀ
ਪਿਆਦਿਆਂ ਦੇ ਹੱਕ ‘ਚ
ਨਹੀਂ ਭੁਗਤਦਾ !
ਰਾਜੇ ਬਿਸਾਤ ਵਿਛਾਉਂਦੇ ਨੇ
ਮਨ ਪਰਚਾਉਂਦੇ ਨੇ
ਤੇ ਫਿਰ
ਅਗਲੀ ਬਾਜ਼ੀ ਤੱਕ
ਜਿੱਤੀ ਬਾਜ਼ੀ ਦੇ
ਇਸ਼ਤਿਹਾਰ ਛਪਵਾਉਂਦੇ ਨੇ !
ਰਾਜਨੀਤੀ ਦੀ ਸ਼ਤਰੰਜ ਦੀ
ਵਿਆਕਰਣ ਹੋਰ ਹੁੰਦੀ ਹੈ !|
********************
( ਕਾਹਨ ਸਿੰਘ ਪਨੂੰ ਦੇ ਸੰਦਰਭ ‘ਚ )

ਜੋ ਲੋਕ !!

Posted on May 26, 2017 by Admin

ਜੋ ਲੋਕ
ਹਾਲਾਤਾਂ ਨੂੰ
ਸਵੀਕਾਰ ਨਹੀਂ ਕਰਦੇ
ਜੋ ਲੋਕ
ਇਨਕਾਰੀ ਨੇ
ਸਥਾਪਤੀ ਤੋਂ !
ਉਹੀ ਯੁੱਗ ਬਦਲਣਗੇ !
ਨਹੀਂ ਤਾਂ
ਜੀ ਹਜ਼ੂਰੀ
ਕਦੋਂ ਕੋਹੜ ਬਣ ਜਾਵੇਗੀ
ਪਤਾ ਹੀ ਨਹੀਂ ਲਗਣਾ !
ਕਾਲੀਆਂ ਐਨਕਾਂ ਲਾ ਕੇ
ਧੁੱਪ ‘ਚ ਤੁਰਨਾ ,
ਛੱਤਰੀ ਲੈ ਕੇ
ਮੀਂਹ ‘ਚ ਨਿਕਲਣਾ ,
ਮੌਸਮ ਨਾਲ
ਆੜੀ ਨਹੀਂ ਪਵਾਉਂਦਾ !
ਮੌਸਮਾਂ ਨੂੰ ਜਾਨਣ ਲਈ
ਉਨਾਂ ਦੇ ਹਾਣੀ ਹੋਣਾ ਪੈਂਦਾ ਹੈ !

ਸੇਕ !!

Posted on May 26, 2017 by Admin

ਸੇਕ ਮੌਸਮ ਦਾ ਨਹੀਂ ਹੁੰਦਾ
ਨਾ ਹੀ ਅੱਗ ਦਾ ਹੀ ਹੁੰਦਾ ਹੈ !
ਸੇਕ ਜ਼ੁਲਮ ਦਾ ਹੁੰਦਾ ਹੈ
ਸੇਕ ਬੇਇਨਸਾਫੀ ਦਾ ਹੁੰਦਾ ਹੈ !
ਸੇਕ ਨੂੰ ਠੰਢਾ
ਬਰਫ ਨਹੀਂ ਕਰਦੀ
ਨਾ ਹੀ ਪਾਣੀ ਕਰਦਾ ਹੈ
ਨਾ ਹੀ ਕੋਈ ਏਅਰ-ਕੰਡੀਸ਼ਨ ,
ਸੇਕ ਨੂੰ ਠੰਡਾ
ਕੁਰਬਾਨੀ ਦਾ ਜ਼ਜਬਾ ਕਰਦਾ ਹੈ !
ਸੇਕ ਨੂੰ ਠੰਡਾ
ਪ੍ਰਤੀਬੱਧਤਾ ਦੀ ਛਾਂਅ ਕਰਦੀ ਹੈ !
ਸੇਕ ਨੂੰ ਬੇਅਸਰ
ਸਿਮਰਨ ਦੀ ਫੁਹਾਰ ਕਰਦੀ ਹੈ !

ਕਿੱਥੇ ਗਏ ਓਹ ਲੋਕ ?

Posted on May 26, 2017 by Admin

ਭੀੜ ਬਹੁਤ ਹੈ
ਮੇਲੇ ‘ਚ
ਮੈਨੂੰ ਡਰ ਲਗਦਾ ਹੈ
ਮੈਂ ਜਦ ਵੀ ਆਇਆ ਹਾਂ
ਮੇਲੇ ‘ਚ
ਬਾਪੂ ਦੇ ਨਾਲ ਆਇਆ ਹਾਂ
ਅੱਜ ਬਾਪੂ ਨਹੀ ਹੈ
ਮੈਨੂੰ ਡਰ ਲਗਦਾ ਹੈ
ਜਦ ਕਿ ਹੁਣ
ਮੈਂ ਖੁਦ ਬਾਪੂ ਹਾਂ
ਪਰ ਮੇਰਾ ਵੀ
ਇੱਕ ਬਾਪੂ ਹੁੰਦਾ ਸੀ !
ਬਹੁਤ ਭੀੜ ਹੈ
ਰਾਹਾਂ ‘ਚ
ਮੇਰੇ ਤੋਂ ਲੰਘਿਆ ਨਹੀ ਜਾਂਦਾ ,
ਕਿੱਥੇ ਗਿਆ ਓਹ ਮੇਰਾ
ਬਾਗੜੀ ਬੋਤੇ ਵਾਲਾ ਮਾਮਾ
ਜਿਸਦੇ ਬੋਤੇ ਨੂੰ ਮਾਂ
ਗੁਆਰੇ ਦੀਆਂ ਫਲੀਆਂ ਪਾ
ਮਾਣ ਕਰਿਆ ਕਰਦੀ ਸੀ
ਪੇਕਿਆਂ ਦਾ !
ਮਾਮੇ ਦੇ ਬੋਤੇ ਤੇ ਬੈਠ
ਮੈਨੂੰ ਜਿਵੇਂ
ਨਾਨਕਿਆਂ ਤੋਂ ਹੀ
ਬਠਿੰਡੇ ਵਾਲਾ ਕਿਲਾ
ਦਿਸ ਜਾਂਦਾ ਸੀ !
ਬਹੁਤ ਲੋਕ ਨੇ ਜਿੰਨਾ ਨੂੰ
ਲੋੜ ਹੈ
ਰਾਹ ਦਿਖਾਓਣ ਦੀ ,
ਕਿੱਥੇ ਹੈ ਮੇਰਾ ਓਹ
ਖੂੰਡੀ ਵਾਲਾ ਨਾਨਾ
ਓਹ ਸੂਬੇਦਾਰਾਂ ਦਾ
ਸਰਦਾਰ ਕਰਤਾਰ ਸਿੰਘ
ਜੋ ਅਕਸਰ
ਜੈਦਾਂ ਵਾਲੇ ਮੋੜ ਤੇ ਪਏ
ਖੁੰਡ ਤੇ ਬੈਠਾ ਹੁੰਦਾ ਸੀ ,
ਅੱਜ ਵੀ ਮੈਨੂੰ
ਉਸਦੀ ਖੂੰਡੀ ਚਾਹੀਦੀ ਹੈ !
ਬਹੁਤ ਕੁਝ ਹੈ ਮੇਰੇ ਕੋਲ
ਪਰ ਅੱਜ ਵੀ ਬਹੁਤ ਕੁਝ
ਲਭਦਾ ਰਹਿੰਦਾ ਹਾਂ ਮੈਂ ,
ਮੇਰਾ ਇਹ ਬਹੁਤ ਕੁਝ
ਉਸ ਬਹੁਤ ਕੁਝ ਬਿਨਾ
ਨਿਰਾਰਥਕ ਹੈ ….
( ਇੱਕ ਲੰਬੀ ਕਵਿਤਾ ‘ਚੋ )

ਸੋਨੇ ਦਾ ਚਮਚ !!

Posted on May 26, 2017 by Admin

ਮੈਂ ਮੂੰਹ ‘ਚ
ਸੋਨੇ ਦਾ ਚਮਚ
ਲੈ ਕੇ ਨਹੀਂ ਜੰਮਿਆ
ਕਚੀਚੀ ਲੈ ਕੇ ਜੰਮਿਆ ਸਾਂ !
ਮੇਰੇ ਜਨਮ ਤੇ
ਬਾਪੂ ਮੇਰਾ ਮੂੰਹ ਦੇਖਣ
ਨਹੀਂ ਭੱਜਿਆ !
ਬਾਪੂ ਵਿਅਸਤ ਸੀ
ਹਾਲਾਤ ਦਾ ਮੁਹਾਂਦਰਾ
ਸੰਵਾਰਨ ‘ਚ ,
ਮੈਨੂੰ ਵੇਖਣ ਆਏ
ਦਾਦੇ ਨੂੰ ਵਧਾਈ ਦਿੰਦਿਆਂ
ਜਦ ਲਾਗੀ ਨੇ ਰੱਖੀ ਸੀ
ਰੁਪਈਏ ਦੋ ਰੁਪਈਏ ਦੀ ਆਸ
ਤਾਂ ਦਾਦਾ ਬੋਲਿਆ ਸੀ
” ਹੂੰਅ … ਇਹ ਕਿਹੜਾ
ਮਹਾਰਾਜਾ ਭੁਪਿੰਦਰ ਸਿੰਘ ਜੰਮਿਆ
ਵਧਾਈਆਂ ਦੇਣ ਨੂੰ !”
ਮੈਨੂੰ ੳਸੇ ਦਿਨ ਤੋਂ
ਰਾਜਿਆਂ-ਮਹਾਰਾਜਿਆਂ ਨਾਲ
ਨਫਰਤ ਹੈ !
ਮੈਂ ਉਸੇ ਦਿਨ ਤੋਂ
ਉਨਾਂ ਹੱਥਾਂ ਦਾ ਵੈਰੀ ਹਾਂ
ਜੋ ਸੋਨੇ ਦੇ ਚਮਚ
ਬਣਾਉਂਦੇ ਨੇ !

ਨਾ ਦੁੱਖ ਵਿੱਚ ਰੋਂਦਾ ਏ

Posted on May 26, 2017 by Admin

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਨਾ ਬੇਲੇ ਭਾਉਂਦੇ ਨੇ ,
ਨਾ ਧੇਲੇ ਭਾਉਂਦੇ ਨੇ,
ਨਾ ਡੇਰਾ ਮੱਲਦਾ ਏ ,
ਨਾ ਚੇਲੇ ਭਾਉਂਦੇ ਨੇ,
ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਥਲ ਵਿੱਚ ਵੀ ਜੀਅ ਲੈਂਦਾ,
ਕਦੇ ਸਾਗਰ ਪੀਅ ਲੈਂਦਾ ,
ਜਿੰਨੇ ਬਿਨ ਸਰਦਾ ਨਈਂ,
ਬੱਸ ਓਨਾ ਹੀ ਲੈਂਦਾ ,
ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਆਪਣੇ ਵਿੱਚ ਮਸਤ ਰਹੇ ,
ਕੁੱਝ ਅਸਤ- ਵਿਅਸਤ ਰਹੇ,
ਦਿਲ ਦਾ ਇਹ ਰਾਜਾ ਏ ,
ਭਾਵੇਂ ਤੰਗ-ਦਸਤ* ਰਹੇ ,
ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਕਿਸੇ ਅੱਗ ਵਿੱਚ ਸੜਿਆ ਏ,
ਜੋ ਏਨਾ ਰੜਿਆ ਏ ,
”ਗਿੱਲ” ਗਿਆਨੀ ਬਣ ਬੈਠਾ,
ਢਾਈ ਅੱਖਰ ਪੜਿਆ ਏ,
ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

  • 1
  • 2

Social Share

  • Facebook
  • Twitter
  • Linkedin

NAVIGATION

  • Home
  • About
  • Blog
  • Timeline
  • Biography
  • Awards

LINKS

  • Production
  • Gallery
  • Audio
  • Video
  • Takhat Hazara Films
  • Sutta Naag

Contact Me

+91 98207 45058
contact@amardeepsinghgill.com

Address

Mumbai and Mohali

Connect with me

  • facebook
  • twitter
  • youtube
  • instagram

©2025 Amardeep Singh Gill. All rights reserved.

Designed by OXO Solutions®