ਸੋਨੇ ਦਾ ਚਮਚ !!
ਮੈਂ ਮੂੰਹ ‘ਚ
ਸੋਨੇ ਦਾ ਚਮਚ
ਲੈ ਕੇ ਨਹੀਂ ਜੰਮਿਆ
ਕਚੀਚੀ ਲੈ ਕੇ ਜੰਮਿਆ ਸਾਂ !
ਮੇਰੇ ਜਨਮ ਤੇ
ਬਾਪੂ ਮੇਰਾ ਮੂੰਹ ਦੇਖਣ
ਨਹੀਂ ਭੱਜਿਆ !
ਬਾਪੂ ਵਿਅਸਤ ਸੀ
ਹਾਲਾਤ ਦਾ ਮੁਹਾਂਦਰਾ
ਸੰਵਾਰਨ ‘ਚ ,
ਮੈਨੂੰ ਵੇਖਣ ਆਏ
ਦਾਦੇ ਨੂੰ ਵਧਾਈ ਦਿੰਦਿਆਂ
ਜਦ ਲਾਗੀ ਨੇ ਰੱਖੀ ਸੀ
ਰੁਪਈਏ ਦੋ ਰੁਪਈਏ ਦੀ ਆਸ
ਤਾਂ ਦਾਦਾ ਬੋਲਿਆ ਸੀ
” ਹੂੰਅ … ਇਹ ਕਿਹੜਾ
ਮਹਾਰਾਜਾ ਭੁਪਿੰਦਰ ਸਿੰਘ ਜੰਮਿਆ
ਵਧਾਈਆਂ ਦੇਣ ਨੂੰ !”
ਮੈਨੂੰ ੳਸੇ ਦਿਨ ਤੋਂ
ਰਾਜਿਆਂ-ਮਹਾਰਾਜਿਆਂ ਨਾਲ
ਨਫਰਤ ਹੈ !
ਮੈਂ ਉਸੇ ਦਿਨ ਤੋਂ
ਉਨਾਂ ਹੱਥਾਂ ਦਾ ਵੈਰੀ ਹਾਂ
ਜੋ ਸੋਨੇ ਦੇ ਚਮਚ
ਬਣਾਉਂਦੇ ਨੇ !