“ਸੁੱਤਾ ਨਾਗ” ਕਿਉਂ ਬਣਾਈ ਮੈਂ – ਅਮਰਦੀਪ ਸਿੰਘ ਗਿੱਲ
ਫਿਲਮਾਂ , ਸੰਗੀਤ , ਰੰਗਮੰਚ ਅਤੇ ਸਾਹਿਤ ਦਾ ਮੈਂ ਬਚਪਨ ਤੋਂ ਹੀ ਵਿਦਿਆਰਥੀ ਹਾਂ । ਬਾਪੂ ਜਿਵੇਂ ਕਿਤਾਬਾਂ ਪੜਨ ਬਾਰੇ ਦੱਸਦਾ ਹੁੰਦਾ ਸੀ ਉਵੇਂ ਹੀ “ ਦੋ ਬੀਘਾ ਜ਼ਮੀਨ” , “ਪਵਿੱਤਰ ਪਾਪੀ” ਅਤੇ “ਦੇਵਦਾਸ” ਵਰਗੀਆਂ ਫਿਲਮਾਂ ਬਾਰੇ , ਇੱਕ ਵਾਰ ਜਦ ਮੈਂ ਤੇ ਬਾਪੂ ਨੇ “ ਸ਼ੋਅਲੇ” ਫਿਲਮ ਇਕੱਠਿਆਂ ਵੇਖੀ ਤਾਂ ਮੈਂ ਫਿਲਮ ਮੁੱਕਣ ਤੇ ਬਾਪੂ ਨੂੰ ਪੁੱਛਿਆ ਕਿ ਇਹ ਫਿਲਮ ਕੌਣ ਬਣਾਉਂਦਾ ਹੈ ? ਤਾਂ ਬਾਪੂ ਨੇ ਦੱਸਿਆ ਕਿ ਫਿਲਮ ਡਾਇਰੈਕਟਰ ਬਣਾਉਂਦਾ ਹੈ , ਸਟੋਰੀ ਸਕਰੀਨਪਲੇਅ ਰਾਈਟਰ ਲਿਖਦਾ ਹੈ , “ ਆਹ ਵੇਖ ਸਲੀਮ ਜਾਵੇਦ…ਇਹ ਇਸ ਫਿਲਮ ਦੇ ਲੇਖਕ ਨੇ..ਆਹ ਜਾਵੇਦ ਕਾਮਰੇਡ ਜਾਨੀਂਸਾਰ ਅਖਤਰ ਦਾ ਮੁੰਡਾ ਹੈ.. !” ਬਾਪੂ ਨੇ ਫਿਲਮ ਦੇ ਪੋਸਟਰ ਤੇ ਉਂਗਲ ਫੇਰਦਿਆਂ ਜਾਵੇਦ ਅਖਤਰ ਨਾਲ ਆਪਣੀ ਭਾਵੁਕ ਸਾਂਝ ਵੀ ਦਰਸਾਈ ਸੀ , ਮੈਨੂੰ ਯਾਦ ਹੈ ਇਹ ਗੱਲ ਉਨੀਂ ਸੌ ਪੰਝਤਰ ਦੀ ਹੈ , ਮੈਂ ਉਦੋਂ ਸਿਰਫ ਸੱਤ ਸਾਲ ਦਾ ਸੀ । ਇਹ ਸਿਨੇਮਾ ਨਾਲ ਮੇਰੀ ਪਹਿਲੀ ਜਾਣ – ਪਛਾਣ ਸੀ । ਮੈਂ ਉਸ ਦਿਨ ਹੀ ਇਹ ਸੋਚ ਲਿਆ ਸੀ ਕਿ ਇੱਕ ਦਿਨ ਫਿਲਮ ਲੇਖਕ ਤੇ ਨਿਰਦੇਸ਼ਕ ਬਣਨਾ ਹੈ ਪਰ ਇਸ ਖੇਤਰ ‘ਚ ਸ਼ੰਘਰਸ਼ ਕਰਦਿਆਂ ਐਨੈ ਸਾਲ ਬੀਤ ਗਏ , ਮੇਰੀ ਥੋੜੀ ਬਹੁਤ ਪਛਾਣ ਇੱਕ ਗੀਤਕਾਰ ਵੱਜੋਂ ਵੀ ਬਣ ਗਈ ਅਤੇ ਕਵੀ ਵੱਜੋਂ ਵੀ ਪਰ ਫਿਲਮਾਂ ‘ਚ ਮੈਂ ਕੁੱਝ ਖਾਸ ਨਾ ਕਰ ਸਕਿਆ , ਇਸਦਾ ਕਾਰਨ ਇਹ ਵੀ ਸੀ ਕਿ ਮੈਂ ਘਰ ਛੱਡ ਕੇ ਮੁੰਬਈ ਜਾ ਨਹੀਂ ਸਕਿਆ ਤੇ ਪੰਜਾਬ ‘ਚ ਪੰਜਾਬੀ ਸਿਨੇਮਾ ਦੇ ਹਾਲਾਤ ਸਦਾ ਹੀ ਤਰਸਯੋਗ ਰਹੇ । ਖੈਰ ਮੈਂ ਪਿਛਲੇ ਪੰਜ ਸੱਤ ਸਾਲਾਂ ‘ਚ ਕੁੱਝ ਪੰਜਾਬੀ ਫਿਲਮਾਂ ਦੇ ਗੀਤ ਲਿਖੇ , ਫਿਲਮ ਖੇਤਰ ਨੂੰ ਮੁੜ ਕੇ ਵਾਚਿਆ , ਫਿਲਮਕਾਰ , ਫਿਲਮ ਲੇਖਕ , ਅਦਾਕਾਰ ਮੇਰੇ ਦੋਸਤ ਬਣ ਗਏ , ਪੰਜਾਬੀ ਸਿਨੇਮਾ ਵਪਾਰਕ ਪੱਖ ਤੋਂ ਦੁਬਾਰਾ ਖੜਾ ਹੋ ਗਿਆ , ਪਰ ਮੇਰੀ ਸਮੱਸਿਆ ਫਿਰ ਉਹੀ ਸੀ ਕਿ ਮੈਂ ਪੰਜਾਬੀ ਗਾਇਕ ਨੂੰ ਨਾਇਕ ਲੈ ਕੇ ਕੋਈ ਹਲਕੀ ਹਾਸਰਸੀ ਫਿਲਮ ਬਣਾਉਣੀ ਨਹੀਂ ਸੀ ਚਾਹੁੰਦਾ ਤੇ ਗੰਭੀਰ ਸਿਨੇਮਾ ਲਈ ਵਪਾਰੀ ਨਿਰਮਾਤਾ ਪੈਸੈ ਲਾਉਣ ਨੂੰ ਤਿਆਰ ਨਹੀਂ ਸਨ ਸੋ ਮੈਂ ਫਿਲਮ ਖੇਤਰ ਦੇ ਵਿੱਚ ਖੜਾ ਵੀ ਆਪਣੀ ਪਸੰਦ ਦੀ ਫਿਲਮ ਬਣਾਉਣ ਤੋਂ ਕਾਫੀ ਦੂਰ ਖੜਾ ਸੀ । ਮੈਂ ਆਪਣੀਆਂ ਕੋਸ਼ਿਸ਼ਾਂ ਕਰਦਾ ਰਿਹਾ , ਆਪਣੀਆਂ ਗੋਂਦਾਂ ਗੁੰਦਦਾ ਰਿਹਾ , ਕਈ ਫਿਲਮਾਂ ਲਿਖ ਲਿਖ ਸੰਭਾਲ ਲਈਆਂ ਕਿ ਇੱਕ ਦਿਨ ਬਣਾਵਾਂਗਾ , ਇਸੇ ਦੌਰਾਨ ਮੇਰੇ ਸੁੱਤਾ ਨਾਗ ਕਹਾਣੀ ਯਾਦ ਆ ਗਈ , ਇਹ ਕਹਾਣੀ ਮੈਨੂੰ ਲਗਭਗ ਪੱਚੀ ਸਾਲ ਪਹਿਲਾਂ ਬਾਪੂ ਨੇ ਪੜਾਈ ਸੀ ਉਹ ਵੀ ਇਹ ਕਹਿ ਕੇ ਕਿ ਯਾਰ ਜੇ ਤੂੰ ਕਦੇ ਫਿਲਮਕਾਰ ਬਣਿਆ ਤਾਂ ਇਸ ਕਹਾਣੀ ਤੇ ਫਿਲਮ ਜ਼ਰੂਰ ਬਣਾਈ..ਫਿਲਮ ਭਾਵੇਂ ਛੋਟੀ ਹੀ ਬਣੂ..ਪਰ ਬਣਾਈ ਜ਼ਰੂਰ !
ਇਹ ਗੱਲ ਯਾਦ ਆਉਂਦਿਆਂ ਮੈਂ ਸੁੱਤਾ ਨਾਗ ਕਹਾਣੀ ਦੁਬਾਰਾ ਪੜੀ ਤੇ ਇਹ ਸੋਚ ਲਿਆ ਕਿ ਇਸ ਕਹਾਣੀ ਤੇ ਲਘੂ ਫਿਲਮ ਬਣਾ ਕੇ ਇੱਕ ਫਿਲਮਕਾਰ ਵੱਜੋਂ ਆਪਣਾ ਕੰਮ ਹੁਣ ਸ਼ੁਰੂ ਕਰ ਹੀ ਦੇਣਾ ਹੈ ਪਰ ਇਸ ਸੋਚ ‘ਚ ਵੀ ਦੋ ਸਾਲ ਲੰਘ ਗਏ , ਇਸੇ ਦਰਮਿਆਨ ਸੁੱਤਾ ਨਾਗ ਦੇ ਲੇਖਕ ਰਾਮ ਸਰੂਪ ਅਣਖੀ ਜੀ ਚਲੇ ਗਏ , ਕੁੱਝ ਹੋਰ ਵਕਤ ਲੰਘ ਗਿਆ ਤਾਂ ਬਾਪੂ ਜੀ ਵੀ ਸਰੀਰਕ ਵਿਛੋੜਾ ਦੇ ਗਏ , ਮੇਰਾ ਸੁਪਨਾ ਜਿਵੇਂ ਯਤੀਮ ਹੋ ਗਿਆ ਪਰ ਮੈਂ ਕੋਸ਼ਿਸ਼ ਕਰਦਾ ਰਿਹਾ , ਸਕਰਿਪਟ-ਡਾਇਲਾਗ ਲਿਖੇ , ਅਦਾਕਾਰ ਚੁਣੇ ਪਰ ਪੈਸਾ….ਪੈਸਾ ਹੈ ਨਹੀਂ ਸੀ ਕੋਲ…ਸੋ ਦੋਸਤਾਂ ਮਿੱਤਰਾਂ ਤੋਂ ਮੰਗਿਆ , ਦੇਸ਼ ਵਿਦੇਸ਼ ‘ਚ ਬੈਠੈ ਦੋਸਤਾਂ ਨੇ ਮੱਦਦ ਕੀਤੀ , ਫਿਲਮ ਦੇ ਕਿਰਦਾਰਾਂ ਦੇ ਕਪੜੇ ਬਣਵਾਏ , ਫਿਲਮ ਲਈ ਹੋਰ ਲੋੜੀਦਾ ਸਾਜੋ-ਸਮਾਨ ਤਿਆਰ ਕੀਤਾ । ਇਹ ਕਹਾਣੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਲਗਭਗ ਪੰਜਾਹ ਸਾਲ ਪੁਰਾਣੀ ਹੈ ਸੋ ਉਸ ਤਰਾਂ ਦੀ ਲੋਕੇਸ਼ਨ ਲੱਭਣ ‘ਚ ਸਭ ਤੋਂ ਵੱਧ ਮਿਹਨਤ ਕਰਨੀ ਪਈ , ਇਸ ਕੰਮ ‘ਚ ਫੇਸਬੁੱਕ ਦੇ ਦੋਸਤਾਂ ਨੇ ਬਹੁਤ ਸਾਥ ਦਿੱਤਾ , ਆਖਿਰ ਰਾਜਸਥਾਨ ਦੇ ਪੰਜਾਬ ਨਾਲ ਲਗਦੇ ਜ਼ਿਲੇ ਹਨੂੰਮਾਨਗੜ ਦੇ ਇੱਕ ਪਿੰਡ ਢਾਬਾਂ ‘ਚ ਇਸ ਫਿਲਮ ਦੀ ਸ਼ੂਟਿੰਗ ਕੀਤੀ । ਢਾਬਾਂ ਪਿੰਡ ਦੇ ਲੋਕਾਂ ਦਾ ਦੇਣਾ ਅਸੀਂ ਕਦੇ ਵੀ ਨਹੀਂ ਦੇ ਸਕਦੇ , ਉਨਾਂ ਦਾ ਪਿਆਰ ਸਦਾ ਸਾਡੇ ਅੰਗ ਸੰਗ ਰਹੇਗਾ । ਸਤਵਿੰਦਰ ਰਾਜਪਾਲ ਸਿੱਖਵਾਲਾ ਅਤੇ ਮਦਨ ਗੋਪਾਲ ਜਾਖੜ ਵਰਗੇ ਖੂਬਸੂਰਤ ਇਨਸਾਨਾਂ ਦੀ ਮੱਦਦ ਨਾਲ ਇਹ ਫਿਲਮ ਪੂਰ ਚੜੀ ਹੈ ।
ਇਸ ਫਿਲਮ ਤੇ ਲਗਭਗ ਤਿੰਨ ਲੱਖ ਦਾ ਖਰਚਾ ਆਇਆ ਹੈ ਜਿਸਦਾ ਬਹੁਤਾ ਹਿੱਸਾ ਦੋਸਤਾਂ ਮਿੱਤਰਾਂ ਦੀ ਮੱਦਦ ਨਾਲ ਪ੍ਰਾਪਤ ਹੋਇਆ ਹੈ । ਇਸ ਫਿਲਮ ਲਈ ਰੰਗਮੰਚ ਦੇ ਕਲਾਕਾਰਾਂ ਦਾ ਯੋਗਦਾਨ ਵੀ ਅਣਮੁੱਲਾ ਹੈ ਰਾਜ ਜੋਸ਼ੀ ਮਾਨਸਾ , ਕੁੱਲ ਸਿੱਧੂ , ਸੁਹਜ ਬਰਾੜ , ਜਗਤਾਰ ਔਲਖ , ਦਰਸ਼ਨ ਘਾਰੂ , ਧਰਮਿੰਦਰ ਕੌਰ , ਰੰਗ ਹਰਜਿੰਦਰ , ਗੁਰਨਾਮ ਸਿੱਧੂ ਵਰਗੇ ਪੰਜਾਬੀ ਰੰਗਮੰਚ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਨੇ ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ । ਕਹਾਣੀ ਅਤੇ ਗੀਤ ਰਾਮ ਸਰੂਪ ਅਣਖੀ ਜੀ ਦੇ ਹਨ , ਗੀਤਾਂ ਨੂੰ ਗਾਇਆ ਸੁਰੀਲੀ ਬੱਚੀ ਮੀਨੂੰ ਸਿੰਘ ਨੇ ਹੈ , ਸੰਗੀਤ ਹਸਨ ਅਲੀ ਦਾ ਹੈ , ਫਿਲਮ ਦਾ ਕੈਮਰਾਮੈਨ ਪਰਮਿੰਦਰ ਸਿੰਘ ਹੈ ਅਤੇ ਐਡੀਟਰ ਸਤਬੀਰ , ਸਹਾਇਕ ਨਿਰਦੇਸ਼ਕ ਵੱਜੋਂ ਪ੍ਰੇਮ ਸਿੰਘ ਸਿੱਧੂ ਅਤੇ ਸਟਿੱਲ ਫੋਟੋਗਰਾਫਰ ਵੱਜੋਂ ਤੁਸ਼ਾਰ ਫਿਰਾਨ ਦਾ ਸਾਥ ਮੇਰੀ ਪਲ ਪਲ ਸ਼ਕਤੀ ਬਣਿਆ ਹੈ । ਹੁਣ ਫਿਲਮ ਤਿਆਰ ਹੈ , ਡੀ.ਵੀ.ਡੀ . ਰਿਲੀਜ਼ ਕਰਨ ਵਾਲੇ ਹਾਂ ਪਰ ਸੈਂਸਰ ਬੋਰਡ ਨੇ ਪੰਗਾ ਪਾ ਦਿੱਤਾ ਹੈ ਉਮੀਦ ਹੈ ਕੁੱਝ ਦਿਨਾਂ ‘ਚ ਇਸਦਾ ਹੱਲ ਵੀ ਨਿੱਕਲ ਆਵੇਗਾ ਪਹਿਲਾਂ ਇਹ ਤਰਤਾਲੀ ਮਿਨਟ ਦੀ ਫਿਲਮ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋ ਵਿੱਚ ਵੀ ਵਿਖਾਈ ਜਾ ਚੁੱਕੀ ਹੈ ਹੁਣ ਤੁਸੀਂ ਵੀ ਦੇਸ਼ ਵਿਦੇਸ਼ ‘ਚ ਬੈਠੈ ਇਸਨੂੰ ਵੇਖ ਸਕੋਗੇ । ਸਾਡੀ ਸਾਰੀ ਟੀਮ ਦੀ ਛੇ ਮਹੀਨੇ ਦੀ ਅਣਥੱਕ ਮਿਹਨਤ ਤੁਹਾਨੂੰ ਯਕੀਨਨ ਨਜ਼ਰ ਆਵੇਗੀ ।ਮੈਂ ਇਸ ਕਹਾਣੀ ਦੇ ਫਿਲਮਾਂਕਣ ਸਮੇਂ ਕੁੱਝ ਬਦਲਾਅ ਵੀ ਕੀਤੇ ਹਨ ਅਤੇ ਕੁੱਝ ਗੱਲ ਨੂੰ ਵਧਾਇਆ ਵੀ ਹੈ ਪਰ ਇਸ ਨਾਲ ਮੂਲ ਕਹਾਣੀ ਦੇ ਭਾਵ ਨੂੰ ਕੋਈ ਠੇਸ ਨਹੀਂ ਪਹੁੰਚੇਗੀ ਸਗੋਂ ਹੋਰ ਵਿਚਾਰਾਂ ਦਾ ਪ੍ਰਵਾਹ ਦਰਸ਼ਕਾਂ ਦੇ ਮਨ ਵਿੱਚ ਹੋਵੇਗਾ ।
ਇਸ ਫਿਲਮ ਨੂੰ ਜਿੰਨੇ ਵੀ ਦਰਸ਼ਕਾਂ ਨੇ ਵੇਖਿਆ ਹੈ ਬਹੁਤ ਪਸੰਦ ਕੀਤਾ ਹੈ ਇਸ ਨਾਲ ਹੁਣ ਮੈਨੂੰ ਆਪਣਾ ਰਾਹ ਮਿਲ ਗਿਆ ਹੈ ਹੁਣ ਮੈਂ ਭਵਿੱਖ ‘ਚ ਪੰਜਾਬੀ ਦੀਆਂ ਚਰਚਿੱਤ ਸਾਹਿਤਕ ਰਚਨਾਵਾਂ ਤੇ ਅਜਿਹੀਆਂ ਹੋਰ ਫਿਲਮਾਂ ਬਣਾਵਾਂਗਾ , ਜਸਵੀਰ ਰਾਣਾ ਦੀ ਕਹਾਣੀ “ ਚੂੜੇ ਵਾਲੀ ਬਾਂਹ” , ਬਲਦੇਵ ਸਿੰਘ ਧਾਲੀਵਾਲ ਦੀ ਕਹਾਣੀ “ਕਾਰਗਿਲ” , ਅਤਰਜੀਤ ਦੀ ਕਹਾਣੀ “ਸਬੂਤੇ ਕਦਮ” , ਗੁਰਚਰਨ ਚਾਹਲ ਭੀਖੀ ਦੀ ਕਹਾਣੀ “ਰਾਜੀਬੰਦਾ” , ਬਲਦੇਵ ਸਿੰਘ ਸੜਕਨਾਮਾ ਦਾ ਨਾਵਲ “ ਕੱਲਰੀ ਧਰਤੀ” ਮੇਰੀ ਇਸ ਸੂਚੀ ‘ਚ ਸ਼ਾਮਿਲ ਹਨ । ਰਾਮ ਸਰੂਪ ਅਣਖੀ ਜੀ ਦੇ ਨਾਵਲ ਮੈਨੂੰ ਸਦਾ ਫੀਚਰ ਫਿਲਮਾਂ ਦੇ ਪਲਾਟ ਲੱਗਦੇ ਹਨ , ਸ਼ਾਇਦ ਪੁਰਾਣੇ ਪੰਜਾਬ ਨਾਲ ਵਧੇਰੇ ਪਿਆਰ ਹੈ ਮੈਂਨੂੰ ਇਸ ਲਈ ਮੈਂ ਪਰਦੇ ਤੇ ਵੱਧ ਤੋਂ ਵੱਧ ਪੁਰਾਤਨ ਪੰਜਾਬੀ ਸਭਿਆਚਾਰ ਚਿਤਰਨਾ ਚਾਹੁੰਦਾ ਹਾਂ ।ਇਸ ਵਿੱਚ ਤੁਸੀਂ ਪੰਜਾਬੀ ਪਾਠਕ , ਦਰਸ਼ਕ ਵੀ ਮੇਰੀ ਮੱਦਦ ਕਰ ਸਕਦੇ ਹੋ , ਮੈਨੂੰ ਜਦ ਜੀ ਚਾਹੇ ਫੋਨ ਕਰ ਸਕਦੇ ਹੋ ।ਇਸ ਗੱਲ ਲਈ ਮੈਂ ਵਚਨਬੱਧ ਹਾਂ ਕਿ ਮੈਂ ਕਦੇ ਵੀ ਸਿਰਫ ਪੈਸਾ ਕਮਾਉਣ ਲਈ ਕੋਈ ਹੋਛੀ ਜਾਂ ਹਲਕੀ ਫਿਲਮ ਨਹੀਂ ਬਣਾਉਣੀ , ਮੇਰਾ ਸੰਘਰਸ਼ ਲਗਾਤਾਰ ਜਾਰੀ ਹੈ ਮੈਂ ਆਪਣੀ ਫੀਚਰ ਫਿਲਮ ਲਈ ਪ੍ਰੋਡਿਊਸਰ ਦੀ ਭਾਲ ਕਰ ਰਿਹਾ ਹਾਂ ।
ਮੈਂ ਇਹ ਮੰਨਦਾ ਹਾਂ ਕਿ ਸਿਨੇਮਾ ਕਲਾ ਦਾ ਇੱਕ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ ਇਹ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੈ । ਸਾਡੇ ਬੁੱਧੀਜੀਵੀ ਵਰਗ ਦੀ ਇਹ ਗਲਤੀ ਰਹੀ ਹੈ ਕਿ ਉਨਾਂ ਇਸ ਸਕਤੀਸ਼ਾਲੀ ਮਾਧਿਅਮ ਨੂੰ ਹੁਣ ਤੱਕ “ਕੰਜਰਖਾਨਾ” ਕਹਿ ਕੇ ਲੁਟੇਰੀ ਜਮਾਤ ਲਈ ਹੀ ਵਿਹਲਾ ਛੱਡੀ ਰੱਖਿਆ ਸੀ ਜਿਸਦਾ ਫਾਇਦਾ ਬਜ਼ਾਰੂ ਵਪਾਰੀਆਂ ਨੇ ਖੂਬ ਉਠਾਇਆ ਹੈ ਪਰ ਸਿਨੇਮਾ ਲੋਕ ਪੱਖੀ ਵੀ ਹੋ ਸਕਦਾ ਹੈ , ਇਸਦੀ ਵਰਤੋਂ ਚੰਗੇਰੇ ਸਾਹਿਤ , ਸਭਿਆਚਾਰ ਅਤੇ ਇਤਿਹਾਸ ਨੂੰ ਸੰਭਾਲਣ ਲਈ ਵੀ ਹੋ ਸਕਦੀ ਹੈ ਇਹ ਗੱਲ ਸਾਨੂੰ ਹੁਣ ਮੰਨਣੀ ਤੇ ਸਮਝਣੀ ਹੀ ਪਵੇਗੀ , ਆਉਣ ਵਾਲਾ ਸਮਾਂ ਸਿਨੇਮਾ ਦਾ ਹੀ ਹੈ , ਮੈਂ ਨਿੱਜੀ ਤੌਰ ਤੇ ਇਹ ਚਾਹੁੰਦਾ ਹਾਂ ਕਿ ਪੰਜਾਬੀ ‘ਚ ਨਵੇਂ ਫਿਲਮਕਾਰਾਂ ਦੀ ਇੱਕ ਪੂਰੀ ਪੌਦ ਉੱਠੇ ਅਤੇ ਨਵੇਂ ਸਿਨੇਮਾ ਦਾ ਆਰੰਭ ਹੋਵੇ , ਮੇਰੀਆਂ ਕੋਸ਼ਿਸ਼ਾਂ ਇਸੇ ਦੇ ਹੱਕ ‘ਚ ਹੋਣਗੀਆਂ ।
ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਅਮੀਰ ਸਾਹਿਤਕ ਪਰੰਪਰਾ ਹੈ ਪਰ ਸਾਹਿਤਕ ਰਚਨਾਵਾਂ ਤੇ ਬਣੀਆਂ ਸਿਰਫ ਦੋ ਫਿਲਮਾਂ “ ਮੜੀ ਦਾ ਦੀਵਾ” ਅਤੇ “ ਅੰਨੇ ਘੋੜੇ ਦਾ ਦਾਨ” ਦੇ ਹੀ ਨਾਂਅ ਸਾਡੇ ਕੋਲ ਜ਼ਿਕਰ ਕਰਨ ਲਈ ਹਨ ਜਦਕਿ ਪੰਜਾਬੀ ਦੀ ਪਹਿਲੀ ਫਿਲਮ ਮੰਨੀ ਜਾਂਦੀ ਫਿਲਮ “ ਪਿੰਡ ਦੀ ਕੁੜੀ” ਟਾਲਸਟਾਏ ਦੇ ਰੂਸੀ ਨਾਵਲ “ਮੋਇਆਂ ਦੀ ਜਾਗ” (ਪੰਜਾਬੀ ਨਾਂਅ) ਤੇ ਅਧਾਰਿਤ ਸੀ । ਹੋਰਨਾਂ ਭਾਰਤੀ ਭਾਸ਼ਾਵਾਂ ਜਿਵੇਂ ਕਿ ਬੰਗਾਲੀ , ਉੜੀਆ , ਮਲਿਆਲਮ , ਮਰਾਠੀ , ਤਾਮਿਲ , ਤੇਲਗੂ ਆਦਿ ਕੋਲ ਆਪਣੀ ਆਪਣੀ ਮਾਣਯੋਗ ਸਿਨੇਮਾਈ ਪ੍ਰੰਪਰਾ ਹੈ ਕਈ ਭਾਸ਼ਾਵਾਂ ਦਾ ਸਿਨੇਮਾ ਤਾਂ ਹਿੰਦੀ ਭਾਸ਼ਾ ਦੇ ਮੁਬੰਈ-ਮਾਰਕਾ ਸਿਨੇਮੇ ਤੋਂ ਕੋਹਾਂ ਅੱਗੇ ਹੈ । ਮਹਾਨ ਫਿਲਮਕਾਰ ਸੱਤਿਆਜੀਤ ਰੇਅ ਵਰਗਾ ਨਾਂਅ ਬੰਗਾਲੀ ਵਰਗੀ ਇਲਾਕਾਈ ਭਾਸ਼ਾ ਨੇ ਪੈਦਾ ਕੀਤਾ ਹੈ ਹਿੰਦੀ ਵਰਗੀ ਰਾਸ਼ਟਰੀ ਭਾਸ਼ਾ ਨੇ ਨਹੀਂ , ਸੋ ਵਧੀਆ ਫਿਲਮ ਹਰ ਭਾਸ਼ਾ ‘ਚ ਬਣ ਸਕਦੀ ਹੈ ਲੋੜ ਹੈ ਸਿਰਫ ਹਿੰਮਤ ਕਰਨ ਦੀ , ਆਪਣੀ ਸੋਚ ਨੂੰ ਕਾਰਜ ‘ਚ ਬਦਲਣ ਦੀ । ਫਿਲਮ-ਮੇਕਿੰਗ ਨਿਰਸੰਦੇਹ ਔਖਾ ਕਾਰਜ ਹੈ ਪਰ ਇਹ ਵੀ ਮਿਹਨਤ ਨਾਲ ਹੋ ਜਾਂਦਾ ਹੈ , ਫਿਲਮ ਮੇਕਿੰਗ ‘ਚ ਜੋ ਸਵਾਦ ਹੈ ਉਹ ਮੈਨੂੰ ਕਵਿਤਾ , ਗੀਤ ਲਿਖਣ ਜਾਂ ਨਾਟਕ ਕਰਨ ‘ਚ ਨਹੀਂ ਆਇਆ , ਇਸ ਲਈ ਆਪਣੀ ਰਚਨਾਤਮਕ ਤ੍ਰਿਪਤੀ ਦੀ ਚਰਮ ਸੀਮਾਂ ਮੈਨੂੰ ਫਿਲਮ ਮੇਕਿੰਗ ਵਿੱਚ ਲੱਭੀ ਹੈ । ਮੈਂ ਇਹ ਮੰਨਦਾ ਹਾਂ ਕਿ ਹਾਲੇ ਇਹ ਮੇਰੀ ਸ਼ੁਰੂਆਤ ਹੈ , ਹਾਲੇ ਭਵਿੱਖ ‘ਚ ਮੈਂ ਹੋਰ ਬਹੁਤ ਕੁੱਝ ਕਰਨਾ ਹੈ ਜਟ ਤੁਸੀਂ ਸਾਥ ਦੇਵੋਂਗੇ ਤਾਂ ਵੀ ਠੀਕ ਹੈ ਜੇ ਨਹੀਂ ਦੇਵੋਂਗੇ ਤਾਂ ਵੀ ਮੈਂ ਪਿੱਛੇ ਮੁੜਨ ਵਾਲਾ ਨਹੀਂ , ਮੈਂ ਆਪਣੀਆਂ ਕੋਸ਼ਿਸ਼ਾਂ , ਆਪਣਾ ਸੰਘਰਸ਼ ਜਾਰੀ ਰੱਖਾਂਗਾ , ਆਮੀਨ !