ਸੁਨਹਿਰੀ ਗੁੰਬਦ !!
ਸੁਨਹਿਰੀ ਗੁੰਬਦ ਉੱਤੇ
ਕਾਲੇ ਧੂੰਏ ਦਾ ਪ੍ਰਛਾਵਾਂ !
ਅੰਮ੍ਰਿਤ ਸਰੋਵਰ ਵਿੱਚ
ਲਹੂ ਦੀ ਲਾਲੀ !
ਦੁੱਧ ਚਿੱਟੇ ਸੰਗਮਰਮਰ ਤੇ
ਸਰਕਾਰੀ ਬੂਟਾਂ ਦਾ ਖਰੂਦ !
ਅਤੁੱਟ ਲੰਗਰ
ਸਿਮਰਨੀ ਕੀਰਤਨ
ਕਦੇ ਰੁੱਕਿਆ ਵੀ ਸੀ !
ਕਦੇ ਮੁੱਖ-ਵਾਕਿ ਤੋਂ ਬਿਨਾਂ ਵੀ
ਜਾਗਿਆ ਸੀ ਸਹਿਮਿਆ ਨਗਰ !
ਕੁੱਝ ਗੋਲੀਆਂ ਕੰਧਾਂ ਜਾਂ
ਸੀਨਿਆਂ ‘ਚ ਨਹੀਂ ਵੱਜਦੀਆਂ
ਚੇਤਿਆਂ ‘ਚ ਵੱਜਦੀਆਂ ਹਨ !
ਇਤਿਹਾਸ ਜ਼ਖਮੀ ਹੁੰਦਾ ਹੈ !
ਇਹ ਸਭ ਮੈਂਨੂੰ
ਸਿਰਫ ਜੂਨ ‘ਚ ਹੀ
ਯਾਦ ਨਹੀਂ ਆਉਂਦਾ
ਹਮੇਸ਼ਾਂ ਯਾਦ ਰਹਿੰਦਾ ਹੈ !