ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਨਾ ਬੇਲੇ ਭਾਉਂਦੇ ਨੇ ,
ਨਾ ਧੇਲੇ ਭਾਉਂਦੇ ਨੇ,
ਨਾ ਡੇਰਾ ਮੱਲਦਾ ਏ ,
ਨਾ ਚੇਲੇ ਭਾਉਂਦੇ ਨੇ,
ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਥਲ ਵਿੱਚ ਵੀ ਜੀਅ ਲੈਂਦਾ,
ਕਦੇ ਸਾਗਰ ਪੀਅ ਲੈਂਦਾ ,
ਜਿੰਨੇ ਬਿਨ ਸਰਦਾ ਨਈਂ,
ਬੱਸ ਓਨਾ ਹੀ ਲੈਂਦਾ ,
ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਆਪਣੇ ਵਿੱਚ ਮਸਤ ਰਹੇ ,
ਕੁੱਝ ਅਸਤ- ਵਿਅਸਤ ਰਹੇ,
ਦਿਲ ਦਾ ਇਹ ਰਾਜਾ ਏ ,
ਭਾਵੇਂ ਤੰਗ-ਦਸਤ* ਰਹੇ ,
ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਕਿਸੇ ਅੱਗ ਵਿੱਚ ਸੜਿਆ ਏ,
ਜੋ ਏਨਾ ਰੜਿਆ ਏ ,
”ਗਿੱਲ” ਗਿਆਨੀ ਬਣ ਬੈਠਾ,
ਢਾਈ ਅੱਖਰ ਪੜਿਆ ਏ,
ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !