ਮੇਰਾ ਮੁਆਫੀਨਾਮਾ ਸੂਝਵਾਨ , ਸੁਹਿਰਦ , ਸੱਚੇ ਪੰਜਾਬੀਆਂ ਦੇ ਚਰਨਾਂ ‘ਚ !
ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ ” ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ ” ਗੀਤ ਲਿਖਿਆ ਸੀ । ” ਕੁੜੀਆਂ ਤਾਂ ਕੁੜੀਆਂ ਨੇ ” , “ਸਿੱਲੀ ਸਿੱਲੀ ਹਵਾ ” , “ਦੁੱਖ ਬੋਲ ਕੇ ਜੇ ਦੱਸਿਆ ” , “ਪਰਦੇਸਣ ਧੀਆਂ” , “ਇਹ ਪੰਜਾਬ ਵੀ ਮੇਰਾ ਏ..” ਵਰਗੇ ਹੋਰ ਅਨੇਕ ਗੀਤ ਵੀ ਮੈਂ ਲਿਖੇ ਤੇ ਹੰਸ ਰਾਜ ਹੰਸ ਨੇ ਗਾਏ ਨੇ…..ਪਰ ਬਹੁਤ ਸਾਰੇ “ਦੋਸਤ” ਸਿਰਫ “ਅੱਗ ਤੁਰੀ ਜਾਂਦੀ ਹੈ” ਦੀ ਗੱਲ ਹੀ ਕਰਦੇ ਨੇ…ਤਾਂ ਕਰਕੇ ਮੈਂ ਇਹ ਸ਼ਪਸ਼ਟੀਕਰਨ / ਮੁਆਫੀਨਾਮਾ ਲਿਖ ਰਿਹਾ ਹਾਂ ! “ਅੱਗ” ਗੀਤ ‘ਚ ਮੈਂ “ਅੱਗ” ਦਾ ਬਿੰਬ ਉਸ ਤਰਾਂ ਵਰਤਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ “ਅੱਗ ਤੁਰੀ ਪਰਦੇਸ” ‘ਚ ਵਰਤਿਆ ਸੀ ਇਹ ਬਿੰਬ…ਪਰ ਮੈਂ ਬੁਰੀ ਤਰਾਂ ਨਾਕਾਮ ਰਿਹਾ ..ਤੇ ਇਹ ਗੀਤ “ਲੱਚਰ” ਸਿੱਧ ਹੋ ਗਿਆ…ਇਸਦੇ ਪਿੱਛੇ ਹੋਰ ਵੀ ਕਈ ਕਾਰਨ ਸਨ ਕਿ ਸਿਰਫ ਇਸ ਗੀਤ ਤੇ ਹੀ ਕਿਉਂ ਐਨਾਂ ਤਵਾ ਲੱਗਿਆ….ਖੈਰ ਮੈਂ ਉਨਾਂ ਕਾਰਨਾਂ ‘ਚ ਨਹੀਂ ਜਾਣਾ ਚਾਹੁੰਦਾ… ਮੈਂ ਸਿਰਫ ਇਹ ਦੱਸਣ ਲਈ ਇਹ ਨੋਟ ਲਿਖਿਆ ਹੈ ਕਿ ਮੈਂ ਇਸ ਗੀਤ ਨੂੰ ਲਿਖਣ ਦਾ ਗੁਨਾਹਗਾਰ ਹਾਂ ਤੇ ਆਪ ਸਭ ਪੰਜਾਬੀਆਂ ਤੋਂ ਇਸ ਲਈ ਮੁਆਫੀ ਮੰਗਦਾ ਹਾਂ , ਮੈਂ ਇਹ ਗੀਤ ਆਪਣੇ ਗੀਤ-ਸੰਗ੍ਰਿਹ “ਸਿੱਲੀ ਸਿੱਲੀ ਹਵਾ” ‘ਚ ਵੀ ਸ਼ਾਮਿਲ ਨਹੀਂ ਕੀਤਾ , ਕੀ ਮੇਰੀ ਇੱਕ ਗਲਤੀ ਮੁਆਫ ਨਹੀਂ ਕੀਤੀ ਜਾ ਸਕਦੀ ? ਜੇ ਤੁਸੀਂ ਇਹ ਸਮਝਦੇ ਹੋ ਕਿ ਪੰਜਾਬੀ ‘ਚ ਮੈਂ ਹੀ ਸਭ ਤੋਂ ਮਾੜਾ ਗੀਤ ਲਿਖਿਆ ਹੈ ਜਾਂ ਪੰਜਾਬੀ ਗੀਤਕਾਰੀ ‘ਚ ਸਿਰਫ ਮੇਰੇ ਇਸ ਗੀਤ ਕਾਰਨ ਹੀ “ਗੰਦ” ਪਿਆਂ ਹੈ ਤਾਂ ਤੁਸੀਂ ਮੇਰੇ ਜੁੱਤੀਆਂ ਮਾਰ ਸਕਦੇ ਹੋ…ਮੈਨੂੰ ਗਾਲਾਂ ਕੱਢ ਸਕਦੇ ਹੋ..ਮੈਂ ਸੰਗਤ ਦਾ ਹਰ ਫੈਸਲਾ ਸਿਰ ਮੱਥੇ ਮੰਨਾਂਗਾ !
ਮੇਰਾ ਨੰਬਰ 99882 62870 ਹੈ , ਮੈਂ ਪੰਜਾਬੀ ਮਾਂ ਬੋਲੀ ਦਾ ਜੁੰਮੇਵਾਰ ਪੁੱਤਰ ਹਾਂ , ਇੱਕ ਜੁੰਮੇਵਾਰ ਅਣਖੀ ਬਾਪ ਦਾ ਬੇਟਾ ਹਾਂ , ਮੈਂ ਜਾਣ ਬੁੱਝ ਕੇ ਲੱਚਰ ਗੀਤ ਕਿਉਂ ਲਿਖਾਂਗਾ ? ਮੇਰੇ ਕੋਲ ਤੁਹਾਡੇ ਹਰ ਇਮਾਨਦਾਰ ਸਵਾਲ ਦਾ ਇਮਾਨਦਾਰ ਜਵਾਬ ਹੈ ! ਮੇਰੇ ਤੋਂ ਜੋ ਗਲਤੀ ਹੋਈ ਹੈ ਅਣਜਾਣੇ ‘ਚ ਹੋਈ ਹੈ ਉਸਦੀ ਮੈਂ 8 ਸਾਲ ਪਹਿਲਾਂ ਵੀ ਮਾਫੀ ਮੰਗ ਚੁੱਕਾ ਹਾਂ ਅੱਜ ਫੇਰ ਮੰਗਦਾ ਹਾਂ ਕਿਰਪਾ ਕਰਕੇ ਮੇਰੀ ਇੱਕ ਗਲਤੀ ਕਾਰਨ ਮੇਰੇ ਸਾਰੇ ਕੀਤੇ ਕਰਾਏ ਤੇ ਪਾਣੀ ਨਾ ਫੇਰੋ ਦੋਸਤੋ ! ਇਹ ਇਨਸਾਫ ਨਹੀਂ ਹੈ….ਤੁਸੀਂ ਹਰ ਲੱਚਰ ਲਿਖਣ ਤੇ ਗਾਉਣ ਵਾਲੇ ਤੋਂ ਮੁਆਫੀਨਾਮਾ ਲਿਖਵਾਓ ਮੈਂ ਸਭ ਤੋਂ ਪਹਿਲਾਂ ਤੁਹਾਡੀ ਕਚਿਹਰੀ ‘ਚ ਖੜਾ ਹੋਵਾਂਗਾ….ਇਨਸਾਫ ਕਰੋ ਦਾਨਿਸ਼ਵਰੋ….ਜਾਤੀ ਕਿੜ ਨਾ ਕੱਢੋ ! ਮੇਰੇ ਇਸ ਨੋਟ ਤੇ ਕੁਮੈਂਟ ਜਰੂਰ ਕਰਨਾ…..ਤੁਹਾਡਾ ਸਭ ਸੂਝਵਾਨ ਪੰਜਾਬੀਆਂ ਦਾ , ਪੰਜਾਬੀ ਮਾਂ ਬੋਲੀ ਦਾ ਗੁਨਾਹਗਾਰ : ਅਮਰਦੀਪ ਗਿੱਲ , ਬਠਿੰਡਾ
*post script :
*ਇੱਕ ਕੁੜੀ ਪੰਜਾਬ ਦੀ !
ਪੰਜ ਦਰਿਆ ਦੇ ਪਾਣੀ ਦੇ ਵਿੱਚ
ਗੁੰਨ ਪੰਜਾਬੀ ਮਿੱਟੀ ,
ਮੱਕੀ ਦਾ ਵਿੱਚ ਆਟਾ ਪਾ ਕੇ
ਕਰ ਲਓ ਗੋਰੀ ਚਿੱਟੀ ,
ਕੱਚੇ ਦੁੱਧ ਦਾ ਦੇ ਕੇ ਛਿੱਟਾ
ਹੁਸਨ ਦੀ ਭੱਠੀ ਪਾਓ ,
ਸਾਰੀ ਦੁਨੀਆ ਨਾਲੋਂ ਵੱਖਰਾ
ਇੱਕ ਕਲਬੂਤ ਬਣਾਓ ,
ਇੱਜ਼ਤ ਬਾਣਾ ਗਹਿਣਾ ਅਣਖ ਦਾ
ਰੂਹ ਵਿੱਚ ਰੱਬ ਵਸਾਇਓ ,
ਕਿੱਸੇ , ਵਾਰਾਂ , ਗੀਤ , ਬੋਲੀਆਂ
ਬਾਣੀ ਰੋਜ਼ ਸੁਣਾਇਓ ,
ਇੱਕ ਹੱਥ ਦੇ ਵਿੱਚ ਤੇਗ ਦੇ ਦਿਓ
ਇੱਕ ਵਿੱਚ ਕਲੀ ਗੁਲਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ …..!
ਹਰ ਥਾਂ ਖੜਦੀ ਪੁੱਤਾਂ ਬਰਾਬਰ
ਮਾਣ ਕਰੇਂਦੇ ਮਾਪੇ ,
ਜਿਹੜੀ ਵਹਿੰਗੀ ਫਰਜ਼ਾਂ ਦੀ ਨੂੰ
ਚੁੱਕ ਲੈਂਦੀ ਏ ਆਪੇ ,
ਖੇਤਾਂ ਦੇ ਵਿੱਚ ਜਿਹੜੀ
ਮੋਰਾਂ ਵਾਂਗੂ ਪੈਲਾਂ ਪਾਵੇ ,
ਨਾਲੇ ਮੋੜਦੀ ਨੱਕਾ ਖਾਲ ਦਾ
ਟਰੈਕਟਰ ਆਪ ਚਲਾਵੇ ,
ਜਿਹੜੀ ਆਪਣੇ ਹੱਥੀਂ ਵਾਹਵੇ
ਸੂਰਤ ਆਪਣੇ ਖਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ …..!
ਨਵੀਂ ਸੋਚ ਤੇ ਨਵਾ ਸਿਦਕ ਹੈ
ਨਵੇਂ ਪੂਰਨੇ ਪਾਵੇ ,
ਨਵੀਆਂ ਰਾਹਾਂ ਤੇ ਨਵੀਂ ਰੌਸ਼ਨੀ
ਨਵੇਂ ਚਿਰਾਗ ਜਗਾਵੇ ,
ਰਿਸ਼ਤੇ – ਨਾਤੇ ਮੋਹ ਦੀਆਂ ਤੰਦਾਂ
ਆਪਣੇ ਹੱਥੀਂ ਬੁਣਦੀ ,
ਜਿਹੜੀ ਆਪਣੀ ਰੂਹ ਦਾ ਹਾਣੀ
ਮਾਣ ਨਾਲ ਹੈ ਚੁਣਦੀ ,
ਵੰਝਲੀ ਦੇ ਨਾਲ ਇੱਕ -ਸੁਰ ਕਰਦੀ
ਜੋ ਹੈ ਤਾਰ ਰਬਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ …..!
********
ਇਹ ਗੀਤ ਵੀ ਮੇਰਾ ਲਿਖਿਆ ਹੋਇਆ ਹੈ , ਮੇਰੀਆਂ ਦੋ ਪੁਸਤਕਾਂ ” ਅਰਥਾਂ ਦਾ ਜੰਗਲ ” ਅਤੇ ” ਸਿੱਲ੍ਹੀ ਸਿੱਲ੍ਹੀ ਹਵਾ ” ਵੀ ਆ ਚੁੱਕੀਆਂ ਨੇ , ਮੇਰੇ ਲਿਖੇ ਗੀਤਾਂ ਵਿੱਚ ” ਜੇ ਮਿਲੇ ਉਹ ਕੁੜੀ ” , “ਇਸ਼ਕੇ ਦੀ ਮਾਰ ” , “ਦਿਲ ਕੱਚ ਦਾ ” , ” ਕੀ ਬੀਤੀ ਸਾਡੇ ਨਾਲ ” , “ਜਿੰਨਾ ਤੈਨੂੰ ਪਿਆਰ ਕੀਤਾ ” , ” ਕਿਹੜੇ ਪਿੰਡ ਦੀ ਤੂੰ ਨੀ ” , ” ਸ਼ਾਇਦ ਉਹੀ ਚਿਰਾਂ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੈ..” , “ਹੁਣ ਮੈਨੂੰ ਦਿਸਦੀਂ ਏ ਸਾਰਿਆਂ ‘ਚ ਤੂੰ ” , ” ਧੀਆਂ ਧਿਆਣੀਆਂ ” ਆਦਿ ਸ਼ਾਮਿਲ ਨੇ !
ਮੈਂ ਗੁਰਦਾਸ ਮਾਨ ਦੀ ਫਿਲਮ ” ਯਾਰੀਆਂ ” , ਰਾਜ ਬਰਾੜ ਦੀ ਫਿਲਮ ” ਜਵਾਨੀ ਜ਼ਿੰਦਾਬਾਦ ” ਅਤੇ ਅਮਰਿੰਦਰ ਗਿੱਲ ਦੀ ਫਿਲਮ ” ਇੱਕ ਕੁੜੀ ਪੰਜਾਬ ਦੀ ” ਦੇ ਗੀਤ ਲਿਖ ਚੁੱਕਾ ਹਾਂ , ਮੈਨੂੰ ਮੇਰੇ ਗੀਤਾਂ ਲਈ ਅਨੇਕਾਂ ਇਨਾਮ ਸਨਮਾਨ ਵੀ ਮਿਲੇ ਹਨ ! ਪਰ ਮੇਰੇ ਲਈ ਆਪ ਸਭ ਦਾ ਪਿਆਰ ਸਭ ਤੋਂ ਵੱਡਾ ਇਨਾਮ ਹੈ !
ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ ਖੇਤਰ ਦਾ ਕੁੱਲਵਕਤੀ ਕਾਮਾ ਹਾਂ ਮੇਰੀ ਇੱਕ ਸੋਚ ਹੈ ਇੱਕ ਕੁਮਿੱਟਮੈਂਟ ਹੈ , ਮੈਂ ਆਪਣੇ ਹਰ ਕੰਮ ਹਰ ਰਚਨਾ ਲਈ ਸੂਝਵਾਨ ਸਰੋਤਿਆਂ ਨੂੰ , ਪਾਠਕਾਂ ਨੂੰ ਜਵਾਬਦੇਹ ਹਾਂ , ਮੇਰਾ ਕੋਈ ਗੀਤ ਮਾੜਾ ਹੋ ਸਕਦਾ ਹੈ ਮੇਰੀ ਨੀਤ ਮਾੜੀ ਨਹੀਂ ਹੈ , ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ ਖੇਤਰ ‘ਚ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰ ਰਿਹਾ ਹਾਂ ਇਹ ਮੇਰੀ ਕਰਮਭੂਮੀ ਹੈ ਜੇ ਤੁਸੀਂ ਵਾਰ ਵਾਰ ਇੱਕ ਗੀਤ ਦੀ ਗੱਲ ਕਰਕੇ ਮੇਰਾ ਰਾਹ ਰੋਕੋਗੇ ਤਾਂ ਮੈਂ ਇੱਕ ਦਿਨ ਹਾਰ ਜਾਵਾਂਗਾ , ਦੁਸ਼ਮਣ ਤੋਂ ਤਾਂ ਜਿੱਤ ਜਾਈਏ ਸੱਜਣਾਂ ਤੋਂ ਕਿਵੇਂ ਜਿੱਤੀਏ ? ਮੈਂ ਇਸ ਖੇਤਰ ‘ਚੋਂ ਕਦੇ ਇੱਕ ਪੈਸਾ ਨਹੀਂ ਕਮਾਇਆ ਸਿਰਫ ਘਰ ਫੂਕ ਤਮਾਸ਼ਾ ਵੇਖਿਆ ਹੈ..ਫਿਰ ਵੀ ਇਹ ਇਲਜ਼ਾਮ…ਚਲੋ ਖੈਰ ਇਹ ਵੀ ਕਬੂਲ ਨੇ…ਆਖਿਰ ਆਪਣਿਆਂ ਨੇ ਹੀ ਦਿੱਤੇ ਨੇ ! ਵੱਸਦੇ ਰਹੋ , ਵਾਹਿਗੁਰੂ ਭਲਾ ਕਰੇ ! @AMARDEEP SINGH GILL ( 11 MARCH 2011 )