ਦਾਮਿਨੀ ਦੇ ਨਾਂਅ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਇਨਸਾਨੀਅਤ , ਕਾਨੂੰਨ , ਇਨਸਾਫ !
ਅਸੀਂ ਵੀ ਸਾਰੇ ਦੇਸ਼ ਵਾਸੀ
ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ !
ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ
ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ
ਤੇਰੇ ਨਾਲ ਧੀਆਂ ਦਾ ਮਾਣ ਮਰ ਗਿਆ ਹੈ ,
ਤੇਰੇ ਨਾਲ ਹੀ ਮਰ ਗਈ ਹੈ
ਚਿੜੀਆਂ ਦੀ ਉਡਾਰੀ ,
ਕੋਇਲਾਂ ਦੇ ਗੀਤ !
ਤੇਰੇ ਬਾਅਦ ਕਿੰਨੀ ਉਦਾਸ ਖੜੀ ਹੈ
ਸਾਡੀ ਸਦੀਆਂ ਪੁਰਾਣੀ ਸਭਿਅਤਾ ,
ਅੱਜ ਸਾਡੇ ਸੰਸਕਾਰਾਂ ਦੇ ਮੂੰਹ ਤੋਂ
ਮੱਖੀ ਨਹੀਂ ਉੱਡਦੀ !
ਅੱਜ ਗੁਰੂਆਂ , ਪੀਰਾਂ ,ਫਕੀਰਾਂ
ਦੇ ਬਚਨ ਡਾਅਢੇ ਗਮਗੀਨ ਨੇ !
ਬੇਟਾ !
ਅਸੀਂ ਸਾਰੇ ਹੀ
ਤੇਰੇ ਗੁਨਾਹਗਾਰ ਹਾਂ
ਤੂੰ ਸਾਨੂੰ ਮੁਆਫ ਨਾ ਕਰੀਂ,
ਤੂੰ ਮੁਆਫ ਨਾ ਕਰੀਂ ਉਨਾਂ ਨੂੰ
ਜਿੰਨਾਂ ਤੈਨੂੰ ਆਪਣੀ ਰਾਜਨੀਤੀ ਦਾ
ਮੋਹਰਾ ਬਣਾ ਲਿਆ
ਤੇ ਦਾਗਦੇ ਰਹੇ ਇੱਕ ਦੂਜੇ ਤੇ
ਉੱਲਟੇ-ਸਿੱਧੇ ਬਿਆਨ !
ਮਹਿਲਾਂ ‘ਚ ਬੈਠੇ
ਕੱਠਪੁਤਲੀ ਰਾਜੇ
ਜੋ ਅਮਨ ਕਾਨੂੰਨ ਦੀ
ਸ਼ਤਰੰਜ ਖੇਡਦੇ ਰਹੇ
ਤੇ ਰਾਣੀਆਂ ਜੋ
ਆਪਣੇ ਮਹਿਲਾਂ ਦੇ
ਬਨੇਰੇ ਤੇ ਖੜ ਕੇ
ਵੇਖਦੀਆਂ ਰਹੀਆਂ
ਤੇਰੇ ਲਈ ਇਨਸਾਫ ਮੰਗਦੇ
ਲੋਕਾਂ ਤੇ ਹੁੰਦਾ ਲਾਠੀ-ਚਾਰਜ ,
ਸਭ ਤੇਰੇ ਗੁਨਾਹਗਾਰ ਨੇ !
ਦਾਮਿਨੀ !!
ਦਾਮਿਨੀ ਦਾ ਅਰਥ ਨੇ
ਆਸਮਾਨੀ ਬਿਜਲੀ ,
ਹੁਣ ਤੇਰੇ ਜਾਣ ਬਾਅਦ
ਦੇਸ਼ ਦੀਆਂ ਸਭ ਧੀਆਂ ਨੂੰ
ਖੁਦ ਜਿਉਣੇ ਪੈਣਗੇ
ਤੇਰੇ ਨਾਮ ਦੇ ਅਰਥ ,
ਤਾਂ ਕਿ ਰਾਖ ਕੀਤੇ ਜਾ ਸਕਣ
ਹਵਸ ਦੇ ਬਘਿਆੜ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ