ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਥਲ ਵਿੱਚ ਵੀ ਜੀਅ ਲੈਂਦਾ, ਕਦੇ ਸਾਗਰ ਪੀਅ ਲੈਂਦਾ , ਜਿੰਨੇ ਬਿਨ ਸਰਦਾ ਨਈਂ, ਬੱਸ ਓਨਾ ਹੀ ਲੈਂਦਾ , ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਆਪਣੇ ਵਿੱਚ ਮਸਤ ਰਹੇ , ਕੁੱਝ ਅਸਤ- ਵਿਅਸਤ ਰਹੇ, ਦਿਲ ਦਾ ਇਹ ਰਾਜਾ ਏ , ਭਾਵੇਂ ਤੰਗ-ਦਸਤ* ਰਹੇ , ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਕਿਸੇ ਅੱਗ ਵਿੱਚ ਸੜਿਆ ਏ, ਜੋ ਏਨਾ ਰੜਿਆ ਏ , ”ਗਿੱਲ” ਗਿਆਨੀ ਬਣ ਬੈਠਾ, ਢਾਈ ਅੱਖਰ ਪੜਿਆ ਏ, ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !